ਕਰੋਨਾ ਵਾਇਰਸ ਪੀੜਤ ਵੁਹਾਨ 'ਚ ਫਸੀ ਭਾਰਤੀ ਮਹਿਲਾ ਨੇ ਕੀਤੀ ਮਦਦ ਦੀ ਅਪੀਲ

02/03/2020 11:37:42 PM

ਬੀਜਿੰਗ (ਭਾਸ਼ਾ)- ਕਰੋਨਾ ਵਾਇਰਸ ਨਾਲ ਪ੍ਰਭਾਵਿਤ ਚੀਨ ਦੇ ਵੁਹਾਨ ਸ਼ਹਿਰ 'ਚ ਫਸੀ ਇਕ ਭਾਰਤੀ ਮਹਿਲਾ ਨੇ ਖੁਦ ਨੂੰ ਵਤਨ ਵਾਪਸ ਲਿਜਾਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਮਹਿਲਾ ਨੂੰ ਤੇਜ਼ ਬੁਖਾਰ ਦੀ ਵਜ੍ਹਾ ਨਾਲ ਚੀਨ ਤੋਂ ਨਵੀਂ ਦਿੱਲੀ ਜਾਣ ਵਾਲੇ ਵਿਸ਼ੇਸ਼ ਜਹਾਜ਼ਾਂ ਵਿਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਹ ਮਹਿਲਾ ਉਨ੍ਹਾਂ 10 ਭਾਰਤੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਭੇਜੀ ਗਈ ਏਅਰ ਇੰਡੀਆ ਦੀਆਂ ਦੋ ਵਿਸ਼ੇਸ਼ ਉਡਾਣਾਂ ਰਾਹੀਂ ਵੁਹਾਨ ਵਿਚ ਫਸੇ 647 ਭਾਰਤੀਆਂ ਨੂੰ ਭਾਰਤ ਲਿਜਾਇਆ ਗਿਆ ਸੀ। ਅਧਿਕਾਰੀਆਂ ਨੇ ਇਥੇ ਕਿਹਾ ਕਿ ਭਾਰਤੀ ਸਫਾਰਤਖਾਨਾ ਉਨ੍ਹਾਂ ਭਾਰਤੀਆਂ ਦੇ ਸੰਪਰਕ ਵਿਚ ਹੈ ਜਿਨ੍ਹਾਂ ਨੂੰ ਜ਼ਿਆਦਾ ਬੁਖਾਰ ਦੀ ਵਜ੍ਹਾ ਨਾਲ ਹੋਰ ਭਾਰਤੀਆਂ ਦੇ ਨਾਲ ਭਾਰਤ ਨਹੀਂ ਲਿਜਾਇਆ ਜਾ ਸਕਿਆ ਸੀ।

ਵੀਡੀਓ ਰਾਹੀਂ ਭਾਰਤ ਸਰਕਾਰ ਨੂੰ ਜਿਓਤੀ ਨੇ ਕੀਤੀ ਅਪੀਲ
ਇਨ੍ਹਾਂ ਲੋਕਾਂ ਵਿਚੋਂ ਇਕ ਏਨਮ ਜਿਓਤੀ ਨੇ ਇਕ ਵੀਡੀਓ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਸ ਨੂੰ ਵੁਹਾਨ ਸ਼ਹਿਰ ਤੋਂ ਕੱਢਿਆ ਜਾਵੇ ਕਿਉਂਕਿ ਉਸ ਦੇ ਸਰੀਰ ਦਾ ਤਾਪਮਾਨ ਉਦੋਂ ਆਮ ਹੈ ਅਤੇ ਉਹ ਯਾਤਰਾ ਕਰਨ ਲਈ ਫਿੱਟ ਹੈ। ਜਿਓਤੀ ਆਂਧਰ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਦੀ ਵਾਸੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚੀਨ ਦੀ ਇਕ ਇਲੈਕਟ੍ਰਾਨਿਕ ਕੰਪਨੀ ਵਿਚ ਕੰਮ ਕਰਨ ਵਾਲੇ ਉਨ੍ਹਾਂ 58 ਭਾਰਤੀ ਮੁਲਾਜ਼ਮਾਂ ਦੇ ਸਮੂਹ ਦਾ ਹਿੱਸਾ ਸੀ ਜਿਨ੍ਹਾਂ ਨੂੰ ਸ਼ੁੱਕਰਵਾਰ ਰਾਤ ਦੀ ਉਡਾਣ ਵਿਚ ਸਵਾਰ ਹੋਣਾ ਸੀ। ਹੋਰ ਲੋਕ ਜਿੱਥੇ ਜਹਾਜ਼ ਵਿਚ ਸਵਾਰ ਹੋ ਗਏ, ਉਥੇ ਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੁਝ ਸਹਿ ਮੁਲਾਜ਼ਮਾਂ ਨੂੰ ਬੁਖਾਰ ਦੀ ਵਜ੍ਹਾ ਨਾਲ ਉਡਾਣ ਵਿਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਮਾਸਕ ਪਹਿਨੇ ਇਸ ਮਹਿਲਾ ਨੇ ਕਿਹਾ,' ਸਾਨੂੰ ਰੁਕਣ ਅਤੇ ਉਡਾਣ ਵਿਚ ਸਵਾਰ ਨਾ ਹੋਣ ਨੂੰ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਅਗਲੀ ਉਡਾਣ ਵਿਚ ਸਵਾਰ ਹੋ ਸਕਦੇ ਹਾਂ। ਪਰ ਉਨ੍ਹਾਂ ਨੇ ਅੱਜ ਦੁਪਹਿਰ ਬਾਅਦ ਕਿਹਾ ਕਿ ਅਸੀਂ ਕਲ ਦੀ ਸਰੀਰਕ ਜਾਂਚ ਦੀ ਵਜ੍ਹਾ ਨਾਲ ਉਸ ਉਡਾਣ ਵਿਚ ਵੀ ਨਹੀਂ ਬੈਠ ਸਕਦੇ... ਅਸੀਂ ਫੱਸੇ ਹੋਏ ਹਾਂ।'

 

ਅਸੀਂ ਸਾਬਿਤ ਕਰਨ ਲਈ ਤਿਆਰ, ਸਾਨੂੰ ਨਹੀਂ ਕੋਈ ਵਾਇਰਸ
ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸ਼ਨੀਵਾਰ ਨੂੰ ਬਣਾਈ ਗਈ ਜਦੋਂ ਏਅਰ ਇੰਡੀਆ ਦੀ ਦੂਜੀ ਉਡਾਣ ਵੁਹਾਣ ਤੋਂ 323 ਭਾਰਤੀਆਂ ਨੂੰ ਲੈਣ ਪਹੁੰਚੀ। ਮਹਿਲਾ ਨੇ ਕਿਹਾ,'ਅਸੀਂ ਇਹ ਸਾਬਿਤ ਕਰਨ ਲਈ ਤਿਆਰ ਹਾਂ ਕਿ ਸਾਨੂੰ ਕੋਈ ਵਾਇਰਸ ਨਹੀਂ ਹੈ ਕਿਉਂਕਿ ਸਾਡੇ ਵਿਚ ਅਜਿਹੇ ਕੋਈ ਲੱਛਣ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਕੋਈ ਬਹੁਤਾ ਜ਼ਿਆਦਾ ਨਹੀਂ ਸੀ। ਇਹ ਸਿਰਫ 37.5 ਡਿਗਰੀ ਸੀ ਜੋ ਉਸ ਸਮੇਂ ਕੁਝ ਦਬਾਅ ਵਿਚ ਸਰੀਰਕ ਗਤੀਵਿਧੀ ਦੀ ਵਜ੍ਹਾ ਨਾਲ ਸੀ। ਅਸੀਂ ਥੋੜ੍ਹਾ ਡਰ ਗਏ ਸੀ। ਮਹਿਲਾ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਨੂੰ ਵਾਪਸ ਭਾਰਤ ਲੈ ਜਾਣ ਅਤੇ ਉਸ ਦੇ ਲਈ ਅਸੀਂ ਇਹ ਸਾਬਿਤ ਕਰਨ ਨੂੰ ਤਿਆਰ ਹਾਂ ਕਿ ਅਸੀਂ ਵਾਇਰਸ ਨਾਲ ਸਬੰਧਿਤ ਕੋਈ ਲੱਛਣ ਨਹੀਂ ਹਨ ਅਤੇ ਸਾਨੂੰ ਸੁਰੱਖਿਅਤ ਅਤੇ ਸਿਹਤਮੰਦ ਹਨ। ਇਸ ਲਈ ਮੈਂ ਸਰਕਾਰ ਨੂੰ ਸਾਨੂੰ ਵਾਪਸ ਭਾਰਤ ਲੈ ਜਾਣ ਲਈ ਅਪੀਲ ਕਰਦੀ ਹਾਂ।
 
ਦੋ ਹੋਰ ਵਿਦਿਆਰਥੀਆਂ ਨੇ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ
ਬੁਖਾਰ ਦੀ ਵਜ੍ਹਾ ਨਾਲ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕ ਦਿੱਤੇ ਗਏ ਦੋ ਭਾਰਤੀ ਵਿਦਿਆਰਥੀ-ਬਿਹਾਰ ਵਾਸੀ ਅਜੀਤ ਅਤੇ ਕਸ਼ਮੀਰ ਵਾਸੀ ਮਨਜ਼ੂਰ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਹੁਣ ਕੋਈ ਬੁਖਾਰ ਨਹੀਂ ਹੈ। ਇਨ੍ਹਾਂ ਦੋਹਾਂ ਨੇ ਵੀ ਫੋਨ 'ਤੇ ਪੀ.ਟੀ.ਆਈ-ਭਾਸ਼ਾ ਨਾਲ ਗੱਲਬਾਤ ਵਿਚ ਖੁਦ ਨੂੰ ਵਤਨ ਲਿਜਾਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਹੁਣ ਆਮ ਹੈ ਅਤੇ ਉਹ ਯਾਤਰਾ ਕਰਨ ਲਈ ਫਿੱਟ ਹਾਂ। ਭਾਰਤ ਨੇ ਚੀਨ ਦੇ ਹੁਬੇਈ ਸੂਬੇ ਦੇ ਹੋਰ ਹਿੱਸਿਆਂ ਅਤੇ ਵੁਹਾਨ ਸ਼ਹਿਰ ਤੋਂ 647 ਭਾਰਤੀਆਂ ਅਤੇ ਮਾਲਦੀਵ ਦੇ 7 ਲੋਕਾਂ ਨੂੰ ਕੱਢਿਆ ਹੈ। ਇਨ੍ਹਾਂ ਲੋਕਾਂ ਨੂੰ ਹੁਣ 14 ਦਿਨ ਲਈ ਦਿੱਲੀ ਨੇੜੇ ਫੌਜ ਵਲੋਂ ਚਲਾਏ ਜਾ ਰਹੇ ਇਕ ਵਿਸ਼ੇਸ਼ ਕੈਂਪ ਵਿਚ ਰੱਖਿਆ ਗਿਆ ਹੈ।
 
25 ਭਾਰਤੀ ਅਜਿਹੇ ਜਿਹੜੇ ਚੀਨ ਵਿਚ ਹੀ ਰਹਿਣਾ ਚਾਹੁੰਦੇ : ਰਾਜਦੂਤ ਵਿਕਰਮ
ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਤਰੀ ਨੇ ਕਿਹਾ ਕਿ ਲਗਭਗ 100 ਭਾਰਤੀ ਅਜੇ ਵੀ ਹੁਬੇਈ ਸੂਬੇ ਵਿਚ ਮੌਜੂਦ ਹੋ ਸਕਦੇ ਹਨ। 25 ਭਾਰਤੀ ਅਜਿਹੇ ਵੀ ਹਨ ਜਿਨ੍ਹਾਂ ਨੇ ਭਾਰਤੀ ਸਫਾਰਤਖਾਨੇ ਵਲੋਂ ਉਨ੍ਹਾਂ ਨੂੰ ਭਾਰਤ ਲਿਜਾਉਣ ਲਈ ਸੰਪਰਕ ਕੀਤੇ ਜਾਣ 'ਤੇ ਕਿਹਾ ਕਿ ਉਹ ਚੀਨ ਵਿਚ ਹੀ ਰਹਿਣਾ ਚਾਹੁੰਦੇ ਹਨ। ਭਾਰਤੀ ਅਧਿਕਾਰੀਆਂ ਨੇ ਇਥੇ ਕਿਹਾ ਕਿ ਉਹ ਫਸੇ ਹੋਏ 10 ਭਾਰਤੀਆਂ ਦੇ ਸੰਪਰਕ ਵਿਚ ਹਨ। ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੂੰ ਕੱਢਣਾ ਔਖਾ ਹੈ ਕਿਉਂਕਿ ਵਾਇਰਸ ਦੀ ਲਪੇਟ ਵਿਚ ਆਏ ਵੁਹਾਨ ਅਤੇ ਹੁਬੇਈ ਸੂਬੇ ਨੂੰ ਲਗਭਗ ਸੀਲ ਕਰ ਦਿੱਤਾ ਗਿਆ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 361 ਤੱਕ ਪਹੁੰਚ ਗਈ ਅਤੇ ਵਾਇਰਸ ਇਨਫੈਕਸ਼ਨ ਦੇ 2829 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਚੀਨ ਵਿਚ ਕਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 17,205 ਹੋ ਗਈ ਹੈ।

Sunny Mehra

This news is Content Editor Sunny Mehra