ਪੁੱਤ ਨੂੰ ਮਿਲਣ ਦੀ ਤਾਂਘ 'ਚ ਗਿਆ ਸੀ ਆਸਟ੍ਰੇਲੀਆ, ਅਣਹੋਣੀ ਨੇ ਖੋਹ ਲਿਆ ਸਭ ਕੁਝ

09/20/2017 11:46:34 AM

ਪਰਥ— ਆਸਟ੍ਰੇਲੀਆ ਤੋਂ ਆਏ ਦਿਨ ਭਿਆਨਕ ਸੜਕ ਹਾਦਸਿਆਂ ਦੀਆਂ ਖਬਰਾਂ ਦੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ। ਸੋਮਵਾਰ ਭਾਵ ਕੱਲ ਸ਼ਾਮ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਕਾਰਨ ਇਕ ਪੰਜਾਬੀ ਦੀ ਮੌਤ ਹੋ ਗਈ। ਪੱਛਮੀ ਆਸਟ੍ਰੇਲੀਆ ਦੇ ਜੰਦਾਕੋਟ ਰੋਡ 'ਤੇ ਦੋ ਟਰੱਕਾਂ ਅਤੇ ਇਕ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। 
ਇਹ ਹਾਦਸਾ ਸੋਮਵਾਰ ਦੀ ਸ਼ਾਮ ਤਕਰੀਬਨ 4.00 ਵਜੇ ਵਾਪਰਿਆ। ਪੁਲਸ ਨੇ ਕਿਹਾ ਕਿ ਦੋ ਟੱਰਕਾਂ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 66 ਸਾਲਾ ਗੁਰਬੀਰ ਸਿੰਘ ਨਾਂ ਦੇ ਪੰਜਾਬੀ ਦੀ ਮੌਤ ਹੋ ਗਈ, ਉਹ ਆਸਟ੍ਰੇਲੀਆ 'ਚ ਆਪਣੇ ਪੁੱਤਰ ਨੂੰ ਮਿਲਣ ਆਏ ਸਨ। ਗੁਰਬੀਰ ਚੰਡੀਗੜ੍ਹ 'ਚ ਸਿੱਖ ਮਿਸ਼ਨਰੀ ਵਜੋਂ ਕੰਮ ਕਰ ਦੇ ਸਨ। ਦਰਅਸਲ ਕਾਰ ਨੂੰ ਗੁਰਬੀਰ ਸਿੰਘ ਦਾ 22 ਸਾਲਾ ਭਤੀਜਾ ਗੁਰਨੀਤ ਸਿੰਘ ਚਲਾ ਰਿਹਾ ਸੀ। ਕਾਰ 'ਚ ਗੁਰਬੀਰ ਸਿੰਘ (66) ਅਤੇ ਉਨ੍ਹਾਂ ਦੇ ਭਰਾ ਦਿਲਜੀਤ ਸਿੰਘ ਸਵਾਰ ਸਨ। 
ਹਾਦਸੇ 'ਚ ਗੁਰਨੀਤ ਅਤੇ ਦਿਲਜੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਦੋਹਾਂ ਨੂੰ ਰਾਇਲ ਪਰਥ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਐਮਰਜੈਂਸੀ ਸੇਵਾ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਉਨ੍ਹਾਂ ਨੇ ਗੁਰਨੀਤ ਸਿੰਘ ਨੂੰ ਕਾਰ 'ਚੋਂ ਕੱਟ ਕੇ ਬਾਹਰ ਕੱਢਿਆ। ਦੋਵੇਂ ਟਰੱਕ ਡਰਾਈਵਰਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਪੁਲਸ ਨੇ ਦੋਹਾਂ ਡਰਾਈਵਰ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਾਏ ਹਨ। ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਮ੍ਰਿਤਕ ਗੁਰਬੀਰ ਸਿੰਘ ਦਾ ਪੁੱਤਰ ਹਰਪ੍ਰੀਤ ਪਰਥ ਵਿਚ ਰਹਿੰਦਾ ਹੈ, ਉਸ ਨੇ ਕਿਹਾ ਕਿ ਉਸ ਦੇ ਪਿਤਾ ਅਕਸਰ ਪਰਥ 'ਚ ਆਉਂਦੇ-ਜਾਂਦੇ ਰਹਿੰਦੇ ਸਨ।