ਸਿੰਗਾਪੁਰ ''ਚ ਭਾਰਤੀ ਮੂਲ ਦੀ ਮਹਿਲਾ ਅਫਸਰ ਨੂੰ ਨੌਕਰਾਣੀ ਦੀ ਕੁੱਟਮਾਰ ਦੇ ਦੋਸ਼ ''ਚ ਹੋਈ ਜੇਲ

11/20/2017 4:10:47 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਫੌਜ ਵਿਚ ਭਾਰਤੀ ਮੂਲ ਦੀ ਸਾਬਕਾ ਮਹਿਲਾ ਵਾਰੰਟ ਅਫਸਰ ਨੂੰ ਸੋਮਵਾਰ ਨੂੰ ਆਪਣੀ ਭਾਰਤੀ ਨੌਕਰਾਣੀ ਨਾਲ ਬਦਸਲੂਕੀ ਅਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ 4 ਮਹੀਨੇ ਅਤੇ 3 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਕਰੀਬਨ 35 ਸਾਲ ਸੇਵਾ ਤੋਂ ਬਾਅਦ ਰਿਟਾਇਰਡ ਹੋਈ ਕੇ. ਰਾਜਾਕੁਮਾਰੀ ਨੇ ਸਰਗੁਨਮ ਜੀਵਾ ਤੋਂ ਤਾਮਿਲ 'ਚ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਆਪਣੇ ਨਾਲ ਬੀਤੇ ਇਸ ਦੁੱਖ ਬਾਰੇ ਕਿਸੇ ਨੂੰ ਵੀ ਨਾ ਦੱਸੇ। 
ਰਾਜਾਕੁਮਾਰੀ 'ਤੇ ਜੀਵਾ ਨੂੰ ਪਲਾਸਟਿਕ ਦੇ ਇਕ ਹੈਂਗਰ ਨਾਲ ਉਸ ਦੇ ਟੁੱਟ ਜਾਣ ਤੱਕ ਮਾਰਨ ਦਾ ਦੋਸ਼ ਵੀ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੂੰ ਉਹ ਭਾਸ਼ਾ ਆਉਂਦੀ ਸੀ ਅਤੇ ਇਸ ਤੋਂ ਬਾਅਦ ਰਾਜਾਕੁਮਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਸਾਲ 2012 ਵਿਚ ਵਾਰ-ਵਾਰ ਆਪਣੀ ਨੌਕਰਾਣੀ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਰਾਜਾਕੁਮਾਰੀ ਨੌਕਰਾਣੀ ਜੀਵਾ ਨੂੰ ਮਹੀਨੇ ਦੀ ਤਨਖਾਹ ਸਿਰਫ 350 ਸਿੰਗਾਪੁਰ ਡਾਲਰ ਦਿੰਦੀ ਸੀ ਅਤੇ ਉਸ ਨੂੰ ਕਿਸੇ ਵੀ ਦਿਨ ਛੁੱਟੀ ਨਹੀਂ ਦਿੱਤੀ ਜਾਂਦੀ ਸੀ। 
ਜੀਵਾ ਸਿਰਫ 8 ਜਮਾਤਾਂ ਪੜ੍ਹੀ ਸੀ ਅਤੇ ਅੰਗਰੇਜ਼ੀ ਨਹੀਂ ਜਾਣਦੀ ਸੀ। ਰਾਜਾਕੁਮਾਰੀ ਨੇ ਫਰਵਰੀ 2012 ਤੋਂ ਜੀਵਾ ਨੂੰ ਸਰੀਰਕ ਤੌਰ 'ਤੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ। 3 ਮਾਰਚ 2012 ਨੂੰ ਜੀਵਾ ਨੇ ਰਾਜਾਕੁਮਾਰੀ ਦੀ ਡਰੈੱਸ ਨੂੰ ਸਹੀ ਢੰਗ ਨਾਲ ਪ੍ਰੈੱਸ ਨਹੀਂ ਕੀਤਾ ਸੀ ਤਾਂ ਗੁੱਸੇ ਵਿਚ ਆ ਕੇ ਰਾਜਾਕੁਮਾਰੀ ਨੇ ਜੀਵਾ ਨੂੰ ਬੁਰੀ ਤਰ੍ਹਾਂ ਕੁੱਟਿਆ। ਜੀਵਾ ਨੇ ਦੱਸਿਆ ਕਿ ਉਸ ਦੇ ਦੋ ਦਿਨ ਬਾਅਦ ਉਸ ਨੂੰ ਫਿਰ ਕੁੱਟਿਆ ਗਿਆ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਉਸ ਦਾ ਚਿਹਰਾ ਖਿੜਕੀ ਦੀ ਗਰਿੱਲ 'ਚ ਜ਼ੋਰ ਨਾਲ ਮਾਰਿਆ ਗਿਆ। ਜੀਵਾ ਨੇ ਅੱਗੇ ਦੱਸਿਆ ਕਿ ਉਸ 'ਤੇ ਇੰਨੇ ਅੱਤਿਆਚਾਰ ਕੀਤੇ ਗਏ ਅਤੇ ਉਸ ਨੇ ਰਾਜਾਕੁਮਾਰੀ ਨੂੰ ਆਪਣੇ ਘਰ ਵਾਪਸ ਭੇਜਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੈ। ਜੀਵਾ ਨੇ ਦੱਸਿਆ ਕਿ ਇਕ ਰਾਤ ਉਹ ਗੁਆਂਢੀ ਦੇ ਘਰ ਗਈ, ਜਿੱਥੇ ਉਸ ਨੂੰ ਪੁਲਸ ਨੂੰ ਫੋਨ ਕਰਨ 'ਚ ਮਦਦ ਮਿਲੀ।