ਟੀ. ਵੀ. ਦੇ ਰਿਮੋਟ ਨੂੰ ਲੈ ਕੇ ਹੋਈ ਬਹਿਸ, ਭਾਰਤੀ ਮੂਲ ਦੇ ਵਿਅਕਤੀ ਨੇ ਚਚੇਰੀ ਭੈਣ ਨੂੰ ਮਾਰੀ ਗੋਲੀ

08/19/2018 1:21:00 PM

ਜੋਹਾਨਸਬਰਗ (ਭਾਸ਼ਾ)— ਭਾਰਤੀ ਮੂਲ ਦੇ ਇਕ ਦੱਖਣੀ ਅਫਰੀਕੀ ਵਿਅਕਤੀ ਨੂੰ ਆਪਣੀ ਇਕ ਰਿਸ਼ਤੇਦਾਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਵਿਚਾਲੇ ਟੀ. ਵੀ. ਦੇ ਰਿਮੋਟ ਨੂੰ ਲੈ ਕੇ ਬਹਿਸ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਪੀਟਰਮੈਰਿਟਸਬਰਗ ਦੇ 47 ਸਾਲਾ ਵਿਅਕਤੀ ਨੇ ਆਪਣੀ 42 ਸਾਲਾ ਚਚੇਰੀ ਭੈਣ ਦੀ ਹੱਤਿਆ ਕਰ ਦਿੱਤੀ। ਦੋਸ਼ੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਕਿਉਂਕਿ ਉਸ ਦੀ ਮਨੋਵਿਗਿਆਨਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਬੁਲਾਰੇ ਲੈਫਟੀਨੈਂਟ ਕਰਨਲ ਥੁਲਾਨੀ ਜਵੇਨ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਕ ਬੰਦੂਕ ਤੇ ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ ਹੈ। ਦੋਸ਼ੀ 'ਤੇ ਆਪਣੀ ਇਕ ਹੋਰ ਰਿਸ਼ਤੇਦਾਰ ਦੀ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਘਟਨਾ ਦੌਰਾਨ ਉਸ ਦੇ ਪੈਰ 'ਚ ਗੋਲੀ ਲੱਗ ਗਈ ਸੀ।

ਰਿਪੋਰਟ ਮੁਤਾਬਕ ਪਰਿਵਾਰ ਵਿਚ ਟੀ. ਵੀ. ਦੇਖਣ ਨੂੰ ਲੈ ਕੇ ਬਹਿਸ ਹੋ ਗਈ ਸੀ। ਦੋਸ਼ੀ ਦਾ ਕਹਿਣਾ ਸੀ ਕਿ ਇਹ ਇਸਲਾਮ ਦੇ ਵਿਰੁੱਧ ਹੈ। ਉਹ ਚਾਹੁੰਦਾ ਸੀ ਕਿ ਬਾਕੀ ਪਰਿਵਾਰ ਵਾਲੇ ਵੀ ਟੀ. ਵੀ. ਨਾ ਦੇਖਣ, ਇਸ ਲਈ ਉਹ ਰਿਮੋਟ ਲੁਕਾ ਰਿਹਾ ਸੀ। ਰਿਪੋਰਟ 'ਚ ਪਰਿਵਾਰ ਨਾਲ ਜੁੜੇ ਇਕ ਸ਼ਖਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਦੋਸ਼ੀ ਨੇ ਬਹਿਸ ਤੋਂ ਬਾਅਦ ਰੁਸਖਾਨਾ ਦੇ ਪਿਤਾ ਮੁਹੰਮਦ ਨੂੰ ਗੋਲੀ ਮਾਰੀ ਪਰ ਉਹ ਸਾਹਮਣੇ ਆ ਗਈ। ਗੁਆਂਢੀਆਂ ਮੁਤਾਬਕ ਪੀੜਤਾ ਕੁਆਰੀ ਸੀ ਅਤੇ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਦੀ ਸੀ।