ਸਿੰਗਾਪੁਰ ''ਚ ਦਿਵਾਲੀ ਮੌਕੇ ਪਟਾਕੇ ਚਲਾਉਣ ਵਾਲੇ ਭਾਰਤੀ ਨੂੰ ਲੱਗਾ ਜੁਰਮਾਨਾ

12/31/2019 6:17:57 PM

ਸਿੰਗਾਪੁਰ- ਸਿੰਗਾਪੁਰ ਵਿਚ ਦਿਵਾਲੀ 'ਤੇ ਖਤਰਨਾਕ ਆਤਿਸ਼ਬਾਜ਼ੀ ਕਰਨ ਨੂੰ ਲੈ ਕੇ ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਮੰਗਲਵਾਰ ਨੂੰ 3 ਹਜ਼ਾਰ ਸਿੰਗਾਪੁਰੀ ਡਾਲਰ ਜੁਰਮਾਨਾ ਲਾਇਆ ਗਿਆ ਹੈ। ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਦੱਸਿਆ ਗਿਆ ਹੈ।

ਉਪ ਸਰਕਾਰੀ ਵਕੀਲ ਐਮਿਲੀ ਕੋਹ ਨੇ ਦੱਸਿਆ ਕਿ ਭੰਡਾਰ ਪ੍ਰਬੰਧਕ (ਸਟੋਰ ਮੈਨੇਜਰ) ਦੇ ਰੂਪ ਵਿਚ ਕੰਮ ਕਰਨ ਵਾਲੇ ਸ਼ਿਵਸ਼੍ਰਵਣਨ ਸੁਪੈਯਾ ਮੁਰੂਗਨ ਨੇ ਹੈਪੀ ਬੂਮ ਪਟਾਕੇ ਦਾ ਇਕ ਡਿੱਬਾ ਖਰੀਦਿਆ ਸੀ, ਜਿਸ ਨੂੰ ਉਹਨਾਂ ਨੇ ਲਿਟਿਲ ਇੰਡੀਆ ਇਲਾਕੇ ਵਿਚ ਦਿਵਾਲੀ ਮਨਾਉਣ ਦੇ ਲਈ ਕਥਿਤ ਤੌਰ 'ਤੇ ਜਲਾਇਆ। ਖਤਰਨਾਕ ਪਟਾਕੇ ਚਲਾਉਣ ਦੇ ਦੋਸ਼ ਵਿਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਦਿਵਾਲੀ ਦੀ ਸ਼ਾਮ ਪੇਰਾਕ ਰੋਡ ਸਥਿਤ ਲੇਡੀ ਡ੍ਰੀਮ ਕਲੱਬ ਕੰਮ ਕਰਨ ਗਿਆ ਸੀ। 26 ਅਕਤੂਬਰ ਨੂੰ ਰਾਤ ਸਾਢੇ 8 ਵਜੇ ਤੋਂ ਅਗਲੇ ਦਿਨ ਸਵੇਰੇ ਚਾਰ ਵਜੇ ਤੱਕ ਉਹ ਦੋਸਤਾਂ ਦੇ ਨਾਲ ਕਈ ਕਲੱਬਾਂ ਵਿਚ ਗਿਆ। ਮਦਰਾਸ ਸਟ੍ਰੀਟ 'ਤੇ ਮੋਹੀਕੇਂਸ ਕਲੱਬ ਦੇ ਨੇੜੇ ਉਸ ਨੇ ਪਟਾਕੇ ਚਲਾਉਣ ਦਾ ਫੈਸਲਾ ਕੀਤਾ ਕਿਉਂਕਿ ਉਸ ਨੇ ਸੋਚਿਆ ਕਿ ਉਥੇ ਨੇੜੇ ਕੋਈ ਕੈਮਰਾ ਨਹੀਂ ਹੈ।

ਦੋਸ਼ ਹੈ ਕਿ ਉਸ ਨੇ ਮਦਰਾਸ ਸਟ੍ਰੀਟ ਦੇ ਇਕ ਟੀ ਪੁਆਇੰਟ 'ਤੇ ਪਟਾਕੇ ਚਲਾਏ। ਆਤਿਸ਼ਬਾਜ਼ੀ ਦੇਖ ਕੇ ਲਿਟਿਲ ਇੰਡੀਆ ਵਿਚ ਤਾਇਨਾਤ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚੇ। ਪਰ ਇਸ ਦੌਰਾਨ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਸ਼ਿਵਸ਼੍ਰਵਣਨ ਨੇ ਦੋ ਕਿਸ਼ਤਾਂ ਵਿਚ ਜੁਰਮਾਨਾ ਅਦਾ ਕਰਨ ਦੀ ਅਪੀਲ ਕੀਤੀ ਹੈ। ਖਤਰਨਾਕ ਆਤਿਸ਼ਬਾਜ਼ੀ ਕਰਨ ਦਾ ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ ਦੋ ਸਾਲ ਦੀ ਸਜ਼ਾ ਤੇ 2000 ਤੋਂ ਲੈ ਕੇ 10 ਹਜ਼ਾਰ ਡਾਲਰ ਤੱਕ ਜੁਰਮਾਨਾ ਜਾਂ ਦੋਵਾਂ ਦਾ ਕਾਨੂੰਨ ਹੈ।

Baljit Singh

This news is Content Editor Baljit Singh