ਅਮਰੀਕਾ ’ਚ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਨੂੰ ਹੋਈ ਉਮਰ ਕੈਦ

11/11/2021 5:16:10 PM

ਲਾਸ ਏਂਜਲਸ/ਅਮਰੀਕਾ (ਭਾਸ਼ਾ): ਅਮਰੀਕਾ ਵਿਚ ਸਾਲ 2019 ਵਿਚ ਆਪਣੀ ਪਤਨੀ ਅਤੇ 3 ਬੱਚਿਆਂ ਦੇ ਕਤਲ ਦੀ ਗੱਲ ਮੰਨਣ ਵਾਲੇ ਭਾਰਤੀ ਮੂਲ ਦੇ ਆਈ.ਟੀ. ਪੇਸ਼ੇਵਰ ਸ਼ੰਕਰ ਨਗੱਪਾ ਹਾਂਗੁਡ ਨੂੰ ਇਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਸਜ਼ਾ ਦੌਰਾਨ ਪੈਰੋਲ ’ਤੇ ਵੀ ਨਹੀਂ ਛੱਡਿਆ ਜਾ ਸਕੇਗਾ। ਕੇ.ਸੀ.ਆਰ.ਏ.-ਟੀ.ਵੀ. ਦੀ ਬੁੱਧਵਾਰ ਦੀ ਖ਼ਬਰ ਮੁਤਾਬਕ ਜਾਂਚਕਰਤਾਵਾਂ ਨੇ ਕਿਹਾ ਕਿ ਹਾਂਗੁਡ (55) ਨੇ ਕੈਲੀਫੋਰਨੀਆ ਸਥਿਤ ਆਪਣੇ ਫਲੈਟ ਵਿਚ ਕੁੱਝ ਦਿਨਾਂ ਦੇ ਅੰਦਰ ਹੀ ਆਪਣੀ ਪਤਨੀ ਅਤੇ 3 ਬੱਚਿਆਂ ਦਾ ਕਤਲ ਕਰਨ ਦਾ ਜ਼ੁਰਮ ਮੰਨ ਲਿਆ ਹੈ। ਉਸ ਦਾ ਕਹਿਣਾ ਸੀ ਕਿ ਉਸ ਨੇ ਆਰਥਿਕ ਤੰਗੀ ਦੀ ਵਜ੍ਹਾ ਨਾਲ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਦੋਸ਼ੀ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 45 ਲੱਖ ਦਾ ਇਨਾਮ

ਖ਼ਬਰ ਮੁਤਾਬਕ ਉਸ ਨੇ ਪਲੇਸਰ ਕਾਊਂਟੀ ਵਿਚ ਸਜ਼ਾ ਸੁਣਾਏ ਜਾਣ ਦੌਰਾਨ ਕੋਈ ਟਿੱਪਣੀ ਨਹੀਂ ਕੀਤੀ। ਹਾਂਗੁਡ ਉਸ ਸਮੇਂ ਸੁਰਖ਼ੀਆਂ ਵਿਚ ਆਇਆ ਸੀ, ਜਦੋਂ ਉਸ ਨੇ ਮਾਊਂਟ ਸ਼ਾਸਤਾ ਪੁਲਸ ਵਿਭਾਗ ਵਿਚ ਜਾ ਕੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਸ ਨੇ 4 ਲੋਕਾਂ ਦਾ ਕਤਲ ਕਰ ਦਿੱਤਾ ਹੈ। ਬਾਅਦ ਵਿਚ ਰੋਜ਼ਵਿਲੇ ਪੁਲਸ ਨੂੰ ਉਸ ਦੀ ਪਤਨੀ, 2 ਬੱਚਿਆਂ ਦੀਆਂ ਲਾਸ਼ਾਂ ਜੰਕਸ਼ਨ ਰੋਡ ’ਤੇ ਸਥਿਤ ਉਸ ਦੇ ਫਲੈਟ ਵਿਚੋਂ ਮਿਲੀਆਂ। ਚੌਥੀ ਲਾਸ਼ ਮਾਊਂਟ ਸ਼ਾਸਤਾ ਥਾਣੇ ਦੇ ਬਾਹਰ ਖੜ੍ਹੀ ਉਸ ਦੀ ਕਾਰ ਵਿਚੋਂ ਮਿਲੀ। ਇਹ ਲਾਸ਼ ਉਸ ਦੇ ਪੁੱਤਰ ਦੀ ਸੀ। ਪੁਲਸ ਨੇ ਉਸ ਸਮੇਂ ਕਿਹਾ ਸੀ ਕਿ ਹਾਂਗੁਡ ਨੇ ਇਕ ਹਫ਼ਤੇ ਦੌਰਾਨ ਇਹ ਕਤਲ ਕੀਤੇ। ਪਤਨੀ ਅਤੇ ਧੀ ਦਾ ਕਤਲ 3 ਦਿਨਾਂ ਦੌਰਾਨ ਕੀਤਾ ਗਿਆ ਹੈ। ਚਾਰਾਂ ਮ੍ਰਿਤਕਾਂ ਦੀ ਪਛਾਣ ਹਾਂਗੁਡ ਦੀ 46 ਸਾਲਾ ਪਤਨੀ ਜੋਤੀ ਸ਼ੰਕਰ, ਉਸ ਦੇ 20 ਸਾਲਾ ਪੁੱਤਰ ਵਰੂਮ ਸ਼ੰਕਰ ਅਤੇ 13 ਸਾਲਾ ਪੁੱਤਰ ਨਿਸ਼ਚਲ ਹਾਂਗੁਡ ਅਤੇ 16 ਸਾਲਾ ਧੀ ਗੌਰੀ ਹਾਂਗੁਡ ਦੇ ਤੌਰ ’ਤੇ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਹੋਈ ਮੌਤ, ਮਾਂ ਹਸਪਤਾਲ 'ਚ ਦਾਖ਼ਲ

ਹਾਂਗੁਡ ਨੇ ਆਪਣੀ ਪਤਨੀ, ਧੀ ਅਤੇ ਛੋਟੇ ਪੁੱਤਰ ਦਾ ਰੋਜ਼ਵਿਲੇ ਫਲੈਟ ਵਿਚ 7 ਅਕਤੂਬਰ ਨੂੰ ਕਥਿਤ ਤੌਰ ’ਤੇ ਕਤਲ ਕੀਤਾ ਸੀ। ਉਸ ਨੇ ਬਾਅਦ ਵਿਚ ਰੋਜ਼ਵਿਲੇ ਅਤੇ ਮਾਊਂਟ ਸ਼ਾਸਤਾ ਵਿਚਾਲੇ ਕਿਤੇ ਆਪਣੇ ਵੱਡੇ ਪੁੱਤਰ ਦਾ ਵੀ ਕਤਲ ਕਰ ਦਿੱਤਾ ਸੀ। ਉਸ ਨੇ ਮਾਊਂਟ ਸ਼ਾਸਤਾ ਵਿਚ ਹੀ 13 ਅਕਤੂਬਰ ਨੂੰ ਆਤਮ ਸਮਰਪਣ ਕੀਤਾ ਸੀ। ਪਲੇਸਰ ਕਾਊਂਟੀ ਦੇ ਮੁੱਖ ਸਹਾਇਕ ਜ਼ਿਲ੍ਹਾ ਅਟਾਰਨੀ ਡੈਵਿਡ ਟੇਲਮੇਨ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਲੋਕਾਂ ਦੀ ਮੌਤ ਨੇ ਭਾਈਚਾਰੇ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ ਅਤੇ ਇਨਸਾਫ਼ ਦੇਖਣ ਲਈ ਪਰਿਵਾਰ ਦਾ ਕੋਈ ਮੈਂਬਰ ਜ਼ਿੰਦਾ ਨਹੀਂ ਹੈ। ਪ੍ਰੌਸੀਕਿਊਟਰਾਂ ਨੇ ਕਿਹਾ ਕਿ ਹਾਂਗੁਡ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਆਈ.ਟੀ. ਦੀ ਨੌਕਰੀ ਚਲੀ ਗਈ ਸੀ, ਜਿਸ ਵਜ੍ਹਾ ਨਾਲ ਉਹ ਨਿਰਾਸ਼ ਸੀ ਅਤੇ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry