ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ''ਚੋਂ ਬਾਹਰ

12/04/2019 10:19:59 AM

ਵਾਸ਼ਿੰਗਟਨ— ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਸਾਲ 2020 'ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। 55 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਆਪਣੀ ਪ੍ਰਚਾਰ ਮੁਹਿੰਮ ਸਬੰਧੀ ਗੱਲ ਕਰਦਿਆਂ ਟਵੀਟ ਕਰ ਕੇ ਜਾਣਕਾਰੀ ਦਿੱਤੀ। ਹੈਰਿਸ ਨੇ ਟਵਿੱਟਰ 'ਤੇ ਦੱਸਿਆ,''ਮੈਂ ਅਫਸੋਸ ਨਾਲ ਆਪਣੇ ਸਮਰਥਕਾਂ ਤੋਂ ਮੁਆਫੀ ਮੰਗਦੇ ਹੋਏ ਦੱਸਣਾ ਚਾਹੁੰਦੀ ਹਾਂ ਕਿ ਮੈਂ ਅੱਜ ਆਪਣੀ ਚੋਣ ਮੁਹਿੰਮ ਖਤਮ ਕਰ ਰਹੀ ਹਾਂ ਪਰ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਨਿਆਂ ਅਤੇ ਸਾਰਿਆਂ ਨੂੰ ਨਿਆਂ ਲਈ ਚਲਾਈ ਇਸ ਮੁਹਿੰਮ ਲਈ ਮੈਂ ਹਰ ਰੋਜ਼ ਲੜਾਂਗੀ।''

PunjabKesari

ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਸ਼ਕਤੀਸ਼ਾਲੀ ਸੰਸਦ ਮੈਂਬਰ ਨੇ ਕਿਹਾ,''ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਮੁਹਿੰਮ ਨੂੰ ਜਾਰੀ ਰੱਖਣ ਲਈ ਮੇਰੇ ਕੋਲ ਵਿੱਤੀ ਸਰੋਤ ਨਹੀਂ ਹਨ ਮੈਂ ਕੋਈ ਅਰਬਪਤੀ ਨਹੀਂ ਹਾਂ।'' ਹੈਰਿਸ ਨੇ ਨਵੰਬਰ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਜਦ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ, ਤਦ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਸ ਉੱਚ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਦੇਖਿਆ ਜਾ ਰਿਹਾ ਸੀ। ਉਨ੍ਹਾਂ ਨੇ ਆਪਣੇ ਗ੍ਰਹਿ ਨਗਰ ਆਕਲੈਂਡ (ਕੈਲੀਫੋਰਨੀਆ) 'ਚ ਸਮਰਥਕਾਂ ਦੀ ਭੀੜ ਵਿਚਕਾਰ ਇਸ ਸਾਲ ਜਨਵਰੀ 'ਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

ਡੈਮੋਕ੍ਰੇਟਿਕ ਸੰਸਦ ਮੈਂਬਰ ਕਮਲਾ ਹੈਰਿਸ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਆਲੋਚਕ ਹੈ। ਕੈਲੀਫੋਰਨੀਆ ਦੀ ਸਾਬਕਾ ਅਟਾਰਨੀ ਜਨਰਲ ਕਮਲਾ ਹੈਰਿਸ 2016 'ਚ ਪਹਿਲੀ ਵਾਰ ਅਮਰੀਕੀ ਸੈਨੇਟ ਦੀ ਮੈਂਬਰ ਚੁਣੀ ਗਈ ਸੀ।


Related News