ਆਸਟ੍ਰੇਲੀਆ ''ਚ ਸੜਕ ਹਾਦਸੇ ''ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ

06/13/2018 12:28:04 PM

ਪਰਥ— ਆਸਟ੍ਰੇਲੀਆ 'ਚ 36 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਸ ਮੁਤਾਬਕ ਮਾਰਿਆ ਗਿਆ ਵਿਅਕਤੀ ਭਾਰਤੀ ਮੂਲ ਦਾ ਹੈ, ਉਸ ਦਾ ਨਾਂ ਸ਼ਿਵਾਨੰਦ ਯਾਦਵ ਸੀ। ਪੁਲਸ ਨੇ ਦੱਸਿਆ ਕਿ ਯਾਦਵ ਨੂੰ ਸਾਈਕਲ ਚਲਾਉਣ ਦਾ ਸ਼ੌਕ ਸੀ ਅਤੇ ਉਸ ਦਾ ਸਾਈਕਲ ਟਰੱਕ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਪੱਛਮੀ ਆਸਟ੍ਰੇਲੀਆ ਦੇ ਫੋਰਰੈਸਟ ਹਾਈਵੇਅ 'ਤੇ ਵਾਪਰਿਆ, ਜੋ ਕਿ ਬਹੁਤ ਹੀ ਭਿਆਨਕ ਹਾਦਸਾ ਸੀ। ਇਸ ਭਿਆਨਕ ਹਾਦਸੇ ਮਗਰੋਂ ਟਰੱਕ ਡਰਾਈਵਰ ਹਾਦਸੇ ਵਾਲੀ ਥਾਂ 'ਤੇ ਰੁਕਿਆ ਅਤੇ ਉਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਪੁਲਸ ਦੀ ਮਦਦ ਕੀਤੀ। 
ਇਕ ਰਿਪੋਰਟ ਮੁਤਾਬਕ ਸ਼ਿਵਾਨੰਦ ਮਕੈਨੀਕਲ ਇੰਜੀਨੀਅਰ ਸੀ ਅਤੇ ਪਰਥ ਸ਼ਹਿਰ 'ਚ ਰਹਿ ਰਿਹਾ ਸੀ। ਸ਼ਿਵਾਨੰਦ ਕੈਂਸਰ ਜਾਗਰੂਕਤਾ ਰੈਲੀ ਨਾਲ ਜੁੜਿਆ ਸੀ। ਉਹ ਸਾਈਕਲ ਚਲਾ ਕੇ ਫੰਡ ਇਕੱਠਾ ਕਰਦਾ ਸੀ ਅਤੇ ਲੋਕਾਂ ਨੂੰ ਜਾਗਰੂਕ ਕਰਦਾ ਸੀ। ਜਦੋਂ ਵੀ ਉਸ ਕੋਲ ਵਾਧੂ ਸਮਾਂ ਹੁੰਦਾ ਤਾਂ ਉਹ ਲੰਬੀ ਦੂਰੀ ਤੱਕ ਸਾਈਕਲ ਚਲਾਉਂਦਾ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਸੀ। ਘਟਨਾ ਤੋਂ ਪਹਿਲਾਂ ਉਹ 200 ਕਿਲੋਮੀਟਰ ਦੀ ਦੂਰੀ ਦੀ ਕੈਂਸਰ ਜਾਗਰੂਕਤਾ ਦੌੜ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਮੌਤ ਦੀ ਖਬਰ ਮਿਲਦੇ ਹੀ ਉਸ ਦੇ ਸਾਥੀਆਂ ਨੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ।


Related News