ਆਸਟ੍ਰੇਲੀਆ 'ਚ ਗ੍ਰਿਫਤਾਰ ਭਾਰਤੀ ਪੱਤਰਕਾਰ ਦੀ ਪਤਨੀ ਨੇ ਕੀਤਾ ਵੱਡਾ ਖੁਲਾਸਾ

03/31/2018 9:01:33 PM

ਬ੍ਰਿਸਬੇਨ/ਕਾਨਪੁਰ (ਏਜੰਸੀ)- ਆਸਟ੍ਰੇਲੀਆ 'ਚ ਬ੍ਰਿਸਬੇਨ ਹਵਾਈ ਅੱਡੇ 'ਤੇ ਬਾਰਡਰ ਪੁਲਸ ਨੇ 9 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਪੱਤਰਕਾਰ ਹੋਣ ਦਾ ਦਾਅਵਾ ਕਰ ਰਹੇ ਸਨ। ਪੁਲਸ ਨੂੰ ਸ਼ੱਕ ਸੀ ਕਿ ਉਹ ਕਾਮਨਵੈਲਥ ਖੇਡਾਂ 'ਚ ਨਕਲੀ ਪੱਤਰਕਾਰ ਬਣ ਕੇ ਦਾਖਲ ਹੋਣਾ ਚਾਹੁੰਦੇ ਸਨ। ਇਨ੍ਹਾਂ ਸਾਰਿਆਂ ਦੀ ਉਮਰ 20 ਤੋਂ 37 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਸੀ। ਬੁੱਧਵਾਰ ਨੂੰ ਪੁਲਸ ਨੇ 46 ਸਾਲਾ ਰਕੇਸ਼ ਕੁਮਾਰ ਸ਼ਰਮਾ ਅਤੇ ਉਸ ਦੇ ਬਾਕੀ 8 ਸਾਥੀਆਂ ਨੂੰ ਜਦ ਫੜਿਆ ਸੀ ਤਾਂ ਰਕੇਸ਼ ਨੇ ਦੱਸਿਆ ਸੀ ਕਿ ਬਾਕੀ 8 ਵਿਅਕਤੀ ਪੱਤਰਕਾਰ ਹਨ ਪਰ ਜਾਂਚ 'ਚ ਪਤਾ ਲੱਗਾ ਕਿ ਇਹ ਸਭ ਝੂਠ ਸੀ। ਬਾਕੀ 8 ਵਿਅਕਤੀਆਂ ਨੂੰ ਇਮੀਗ੍ਰੇਸ਼ਨ ਹਿਰਾਸਤ 'ਚ ਭੇਜ ਦਿੱਤਾ ਗਿਆ।

ਪਤੀ ਨਾਲ ਆਸਟ੍ਰੇਲੀਆ ਵਿਚ ਕੀ ਹੋਇਆ ਇਸ ਬਾਰੇ ਨਹੀਂ ਹੈ ਜਾਣਕਾਰੀ : ਪਤਨੀ ਪ੍ਰਿਯੰਕਾ
ਸ਼ਰਮਾ ਹਰਿਆਣਾ ਸੂਬੇ ਦੇ ਸ਼ਹਿਰ ਕੁਰੂਕਸ਼ੇਤਰ ਵਿਚ ਸੈਕਟਰ 13 ਦਾ ਵਾਸੀ ਹੈ ਅਤੇ ਉਹ ਹਿੰਦੀ ਅਖਬਾਰ ਵਿਚ ਕੰਮ ਕਰਦਾ ਹੈ ਅਤੇ ਕੁਝ ਹੀ ਦੇਰ ਤੋਂ ਚੰਡੀਗੜ੍ਹ ਵਿਚ ਰਹਿ ਰਿਹਾ ਸੀ। ਉਸ ਦਾ ਪਰਿਵਾਰ ਕੁਰੂਕਸ਼ੇਤਰ ਵਿਚ ਰਹਿ ਰਿਹਾ ਹੈ ਪਰ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਸ਼ਰਮਾ ਨਾਲ ਆਸਟ੍ਰੇਲੀਆ ਵਿਚ ਕੀ ਭਾਣਾ ਵਾਪਰਿਆ ਹੈ। ਸ਼ਰਮਾ ਦੀ ਪਤਨੀ ਪ੍ਰਿਯੰਕਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਪਤੀ ਨਾਲ ਆਸਟ੍ਰੇਲੀਆ ਵਿਚ ਕੀ ਹੋਇਆ ਹੈ। ਉਸ ਨੂੰ ਉਸ ਦੇ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਪਤੀ ਨਾਲ ਆਸਟ੍ਰੇਲੀਆ ਵਿਚ ਕੁਝ ਗਲਤ ਹੋਇਆ ਹੈ। ਉਸ ਦਾ ਪਤੀ 27 ਮਾਰਚ ਨੂੰ ਉਸ ਨੂੰ ਕਹਿ ਕੇ ਗਿਆ ਸੀ ਕਿ ਉਹ ਦਿੱਲੀ ਤੋਂ ਆਸਟ੍ਰੇਲੀਆ ਲਈ 11 ਵਜੇ ਜਹਾਜ਼ ਵਿਚ ਬੈਠੇਗਾ। ਇਸ ਤੋਂ ਬਾਅਦ ਉਸ ਨਾਲ ਗੱਲ ਨਹੀਂ ਹੋਈ। ਪ੍ਰਿਯੰਕਾ ਨੇ ਕਿਹਾ ਕਿ ਉਸ ਨੇ ਵ੍ਹਾਟਸਐਪ ਉੱਤੇ ਕਈ ਵਾਰ ਮੈਸੇਜ ਕੀਤੇ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਪ੍ਰਿਯੰਕਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਨਾਲ ਕੌਣ-ਕੌਣ ਵਿਦੇਸ਼ ਗਿਆ ਹੈ।
ਆਸਟ੍ਰੇਲੀਆ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਕਈ ਵਾਰ ਜਾ ਚੁੱਕੈ ਸ਼ਰਮਾ : ਪ੍ਰਿਯੰਕਾ
ਪ੍ਰਿਯੰਕਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਮੁਲਕ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਚੁੱਕੇਗੀ ਅਤੇ ਆਪਣੇ ਪਤੀ ਨੂੰ ਭਾਰਤ ਵਾਪਸ ਲਿਆਵੇਗੀ। ਪ੍ਰਿਯੰਕਾ ਨੇ ਕਿਹਾ ਕਿ ਉਸ ਦਾ ਪਤੀ ਇਸ ਤੋਂ ਪਹਿਲਾਂ ਵੀ 5 ਦਿਨਾਂ ਲਈ ਆਸਟ੍ਰੇਲੀਆ ਜਾ ਚੁੱਕਾ ਹੈ ਇਸ ਤੋਂ ਇਲਾਵਾ ਉਹ ਹੋਰ ਦੇਸ਼ਾਂ ਜਿਵੇਂ ਅਮਰੀਕਾ, ਜਾਪਾਨ ਵੀ ਜਾ ਚੁੱਕਾ ਹੈ ਪਰ ਉਹ ਵਿਦੇਸ਼ ਵਿਚ ਕੀ ਕੰਮ ਕਰਦਾ ਹੈ ਉਸ ਨੂੰ ਇਸ ਬਾਰੇ ਨਹੀਂ ਪਤਾ।
ਸ਼ਰਮਾ ਨੂੰ ਹੋ ਸਕਦੀ ਹੈ 5 ਤੋਂ 20 ਸਾਲ ਤੱਕ ਦੀ ਸਜ਼ਾ
ਸ਼ਰਮਾ ਨੂੰ ਘੱਟੋ-ਘੱਟ 5 ਸਾਲਾਂ ਦੀ ਜੇਲ ਹੋ ਸਕਦੀ ਹੈ। ਜੇਕਰ ਕੋਈ ਵਿਅਕਤੀ 5 ਜਾਂ ਇਸ ਤੋਂ ਵਧੇਰੇ ਲੋਕਾਂ ਦੀ ਤਸਕਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 20 ਸਾਲਾਂ ਦੀ ਜੇਲ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਕੇਸ਼ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਜਦ ਉਸ ਨੂੰ ਪ੍ਰਸ਼ਨ ਪੁੱਛੇ ਗਏ ਤਾਂ ਉਹ ਜਵਾਬ ਨਾ ਦੇ ਸਕਿਆ। ਉਸ ਨੂੰ ਫਿਲਹਾਲ ਜੇਲ 'ਚ ਰੱਖਿਆ ਜਾਵੇਗਾ ਅਤੇ 6 ਅਪ੍ਰੈਲ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਬ੍ਰਿਸਬੇਨ ਮੈਜਿਸਟ੍ਰੇਟ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੁਣਵਾਈ ਦੌਰਾਨ ਹਿੰਦੀ-ਅੰਗਰੇਜ਼ੀ ਭਾਸ਼ਾ ਜਾਣਨ ਵਾਲੇ ਵਿਅਕਤੀ ਦਾ ਪ੍ਰਬੰਧ ਕੀਤਾ ਜਾਵੇਗਾ। ਆਸਟ੍ਰੇਲੀਅਨ ਬਾਰਡਰ ਫੋਰਸ ਕੁਈਨਜ਼ਲੈਂਡ ਦੇ ਕਮਾਂਡਰ ਟੈਰੀ ਪ੍ਰਾਈਜ਼ ਨੇ ਕਿਹਾ ਕਿ ਕਾਮਨਵੈਲਥ ਖੇਡਾਂ ਅਤੇ ਆਸਟ੍ਰੇਲੀਅਨ ਵੀਜ਼ਾ ਪ੍ਰੋਗਰਾਮ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ 4 ਅਪ੍ਰੈਲ ਤੋਂ ਆਸਟ੍ਰੇਲੀਅਨ ਸ਼ਹਿਰ ਗੋਲਡ ਕੋਸਟ 'ਚ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਬਾਰਡਰ ਪੁਲਸ ਵਲੋਂ ਰਾਕੇਸ਼ ਕੁਮਾਰ (46) ਅਤੇ 8 ਹੋਰਾਂ ਨੂੰ ਬੁੱਧਵਾਰ ਨੂੰ ਬ੍ਰਿਸਬੇਨ ਏਅਰਪੋਰਟ ਉੱਤੇ ਦਸਤਾਵੇਜ਼ਾਂ ਵਿਚ ਗੜਬੜੀ ਕਾਰਨ ਹਿਰਾਸਤ ਵਿਚ ਲਿਆ ਸੀ। ਪੁਲਸ ਨੂੰ ਸ਼ੱਕ ਸੀ ਕਿ ਉਹ ਕਾਮਨਵੈਲਥ ਖੇਡਾਂ 'ਚ ਨਕਲੀ ਪੱਤਰਕਾਰ ਬਣ ਕੇ ਦਾਖਲ ਹੋਣਾ ਚਾਹੁੰਦੇ ਸਨ। ਬੁੱਧਵਾਰ ਨੂੰ ਪੁਲਸ ਨੇ 46 ਸਾਲਾ ਰਾਕੇਸ਼ ਕੁਮਾਰ ਸ਼ਰਮਾ ਅਤੇ ਉਸ ਦੇ ਬਾਕੀ 8 ਸਾਥੀਆਂ ਨੂੰ ਜਦ ਫੜਿਆ ਤਾਂ ਰਕੇਸ਼ ਨੇ ਦੱਸਿਆ ਕਿ ਬਾਕੀ 8 ਵਿਅਕਤੀ ਪੱਤਰਕਾਰ ਹਨ ਪਰ ਜਾਂਚ 'ਚ ਪਤਾ ਲੱਗਾ ਕਿ ਇਹ ਸਭ ਝੂਠ ਸੀ। ਬਾਕੀ 8 ਵਿਅਕਤੀਆਂ ਨੂੰ ਇੰਮੀਗ੍ਰੇਸ਼ਨ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਵੀਰਵਾਰ ਨੂੰ ਉਸ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।