ਇਟਲੀ ''ਚ ਪੁਲਸ ਨੇ ਰੰਗੇ ਹੱਥੀਂ ਫੜਿਆ ਭਾਰਤੀ ਨੌਜਵਾਨ, ਅਟੈਚੀ ਭਰ ਕੇ ਲਿਜਾ ਰਿਹਾ ਸੀ ਨਸ਼ੀਲਾ ਪਦਾਰਥ

05/09/2017 12:54:47 PM

ਰੋਮ,(ਕੈਂਥ)— ਇਟਾਲੀਅਨ ਪੁਲਸ ਨੇ ਕੱਲ ਭਾਵ ਸੋਮਵਾਰ ਨੂੰ ਇਕ ਭਾਰਤੀ ਨੂੰ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਹੈ। ਇਹ ਭਾਰਤੀ ਨੌਜਵਾਨ ਸਬਾਊਦੀਆ ਦੇ ਇਲਾਕੇ ਵਿਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਲੈ ਕੇ ਆ ਰਿਹਾ ਸੀ ਪਰ ਉਹ ਇਟਾਲੀਅਨ ਪੁਲਸ ਦੀ ਤੇਜ਼ ਨਜ਼ਰ ਤੋਂ ਬਚ ਨਹੀਂ ਸਕਿਆ ਅਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਨੂੰ ਸਬਾਊਦੀਆ ਸਟੇਸ਼ਨ ਪੁਲਸ ਨੇ ਐਸ. ਏ. ਨਾਮਕ ਇਕ 20 ਸਾਲਾ ਭਾਰਤੀ ਨੌਜਵਾਨ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਸਬਾਊਦੀਆ ਲੈ ਕੇ ਦਾਖਲ ਹੋਣ ਲੱਗੇ ਵਿਸ਼ੇਸ਼ ਜਾਂਚ ਦੌਰਾਨ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਇਹ ਨੌਜਵਾਨ ਰੋਮ ਤੋਂ ਆ ਰਹੀ ਟਰੇਨ ਵਿਚ ਸਵਾਰ ਹੋ ਕੇ ਆ ਰਿਹਾ ਸੀ, ਜਦੋਂ ਇਹ ਟਰੇਨ ਪਰੀਵੈਰਨੋ ਫੋਸਾਨੋਵਾ ਸਟੇਸ਼ਨ ''ਤੇ ਪਹੁੰਚੀ ਤਾਂ ਪੁਲਸ ਨੇ ਇਸ ਨੂੰ ਦੋ ਵੱਡੇ ਅਟੈਚੀਆਂ ਦੀ ਚੈਕਿੰਗ ਕਰਵਾਉਣ ਲਈ ਕਿਹਾ। ਬੈਗਾਂ ਦੀ ਚੈਕਿੰਗ ਦੌਰਾਨ ਉਨ੍ਹਾਂ ''ਚੋਂ 18 ਕਿਲੋ ਅਫੀਮ ਕੱਢਣ ਵਾਲੇ ਬਲਬ (ਡੋਡੇ), ਜੋ ਕਿ ਸੁਕਾ ਕੇ 180 ਡੋਜ਼ ਵਿਚ ਵੱਖ-ਵੱਖ ਲਿਫਾਫਿਆਂ ਵਿਚ ਭਰ ਕੇ ਰੱਖੇ ਗਏ ਸਨ ਅਤੇ ਨੌਜਵਾਨ ਕੋਲੋਂ 400 ਯੂਰੋ ਵੀ ਬਰਾਮਦ ਕੀਤੇ, ਜੋ ਕਿ ਇਸੇ ਨਸ਼ੇ ਦੇ ਧੰਦੇ ਤੋਂ ਹੀ ਕਮਾਏ ਗਏ ਸਨ।
ਇਸ ਭਾਰਤੀ ਨੌਜਵਾਨ ਨੇ ਸ਼ਾਇਦ ਇਹ ਸੋਚਿਆ ਹੀ ਨਹੀਂ ਸੀ ਕਿ ਪੁਲਸ ਉਸ ''ਤੇ ਨਜ਼ਰ ਰੱਖ ਰਹੀ ਹੈ। ਉਸਦਾ ਵਿਚਾਰ ਸੀ ਕਿ ਇੰਨੀ ਵੱਡੀ ਖੇਪ ਲੈ ਕੇ ਸਹਿਜੇ ਹੀ ਉਹ ਸਬਾਊਦੀਆ ਇਲਾਕੇ ਵਿਚ ਦਾਖਲ ਹੋ ਜਾਵੇਗਾ ਅਤੇ ਨਸ਼ੇ ਦੀ ਸਪਲਾਈ ਆਪਣੇ ਗਾਹਕਾਂ ਤੱਕ ਪਹੁੰਚਾ ਦੇਵੇਗਾ। ਦੱਸਣ ਯੋਗ ਹੈ ਕਿ ਭਾਰਤੀਆਂ ਵੱਲੋਂ ਦਿਨ-ਬ-ਦਿਨ ਨਸ਼ੇ ਦੇ ਵਪਾਰ ਵਿਚ ਧੱਸੇ ਜਾਣ ਕਾਰਨ ਇਟਲੀ ਦੀ ਪੁਲਸ ਵੀ ਭਾਰਤੀਆਂ''ਤੇ ਸਖਤ ਨਿਗਰਾਨੀ ਰੱਖਣ ਵਿਚ ਪਹਿਲਾਂ ਨਾਲੋਂ ਵਧੇਰੇ ਚੌਕਸ ਹੋ ਚੁੱਕੀ ਹੈ।

 

Tanu

This news is News Editor Tanu