ਵਿਦੇਸ਼ 'ਚ ਪਿਆਸੀ ਮਰ ਗਈ 6 ਸਾਲਾ ਭਾਰਤੀ ਬੱਚੀ, ਮਾਂ ਲੱਭਦੀ ਰਹਿ ਗਈ ਪਾਣੀ

06/15/2019 1:12:42 PM

ਵਾਸ਼ਿੰਗਟਨ— ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ 'ਚ ਇਕ 6 ਸਾਲਾ ਭਾਰਤੀ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਅਤੇ ਉਸ ਦੀ ਪਛਾਣ ਗੁਰਪ੍ਰੀਤ ਕੌਰ ਦੇ ਤੌਰ 'ਤੇ ਹੋਈ ਹੈ। ਭਾਰਤੀ ਮੂਲ ਦੀ ਬੱਚੀ ਦੀ ਮਾਂ ਜਦ ਪਾਣੀ ਲੱਭਣ ਲਈ ਬਾਹਰ ਗਈ ਤਾਂ ਉਸੇ ਦੌਰਾਨ ਬੱਚੀ ਦੀ ਮੌਤ ਹੋ ਗਈ। ਯੂ. ਐੱਸ. ਬਾਰਡਰ ਪੈਟਰੋਲਿੰਗ ਟੀਮ ਦੇ ਮੈਡੀਕਲ ਅਧਿਕਾਰੀ ਨੇ ਬੱਚੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਸੰਕਟ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। 

ਯੂ. ਐੱਸ. ਬਾਰਡਰ ਪੈਟਰੋਲਿੰਗ ਟੀਮ ਮੁਤਾਬਕ, ''ਬੱਚੀ ਕੁਝ ਦਿਨਾਂ ਬਾਅਦ ਹੀ ਆਪਣਾ 7ਵਾਂ ਜਨਮ ਦਿਨ ਮਨਾਉਣ ਵਾਲੀ ਸੀ। ਐਰੀਜੋਨਾ ਰੇਗਿਸਤਾਨ 'ਚ ਇਸ ਸਮੇਂ ਬਹੁਤ ਗਰਮੀ ਹੈ। ਬੁੱਧਵਾਰ ਨੂੰ ਖੇਤਰ ਦਾ ਤਾਪਮਾਨ 42 ਡਿਗਰੀ ਪੁੱਜ ਗਿਆ ਸੀ। ਬੱਚੀ ਆਪਣੀ ਮਾਂ ਨਾਲ ਪ੍ਰਵਾਸੀਆਂ ਦੇ ਕੈਂਪ 'ਚ ਸੀ ਅਤੇ ਉਸ ਨੂੰ ਲੂ ਲੱਗ ਗਈ ਸੀ। ਜਦ ਬੱਚੀ ਦੀ ਮਾਂ ਪਾਣੀ ਲੈਣ ਗਈ ਤਾਂ ਬੱਚੀ ਦੀ ਮੌਤ ਹੋ ਗਈ।''

ਅਮਰੀਕਾ 'ਚ ਪ੍ਰਵਾਸੀ ਸੰਕਟ ਨੂੰ ਲੈ ਕੇ ਬਹਿਸ ਜਾਰੀ ਹੈ। ਐਰੀਜ਼ੋਨਾ 'ਚ ਇਹ ਦੂਜੇ ਪ੍ਰਵਾਸੀ ਬੱਚੇ ਦੀ ਮੌਤ ਹੈ। ਇਸ ਖੇਤਰ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਬਾਰਡਰ ਪਾਰ ਕਰਨ ਲਈ ਪੁੱਜਦੇ ਹਨ ਅਤੇ ਗਰਮੀ ਤੇ ਲੂ ਉਨ੍ਹਾਂ ਲਈ ਵੱਡੀ ਚਿਤਾਵਨੀ ਬਣ ਜਾਂਦੇ ਹਨ। ਅਮਰੀਕਾ-ਮੈਕਸੀਕੋ ਸਰਹੱਦ ਨੂੰ ਪਾਰ ਕਰ ਕੇ ਅਮਰੀਕਾ 'ਚ ਰੋਜ਼ਗਾਰ ਲਈ ਵੱਡੀ ਗਿਣਤੀ 'ਚ ਲੋਕ ਇਸੇ ਰਸਤੇ ਤੋਂ ਆਉਂਦੇ ਹਨ। ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਮੈਕਸੀਕੋ 'ਚ ਰਹਿਣ ਵਾਲੇ ਭਾਰਤੀਆਂ ਦੇ ਅਮਰੀਕਾ 'ਚ ਦਾਖਲ ਹੋਣ ਦੀਆਂ ਘਟਨਾਵਾਂ ਵਧ ਰਹੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ 5 ਹੋਰ ਭਾਰਤੀ ਨਾਗਰਿਕਾਂ ਨਾਲ ਬੱਚੀ ਅਤੇ ਉਸ ਦੀ ਮਾਂ ਅਮਰੀਕਾ 'ਚ ਆਉਣ ਲਈ ਅੱਗੇ ਵਧ ਰਹੇ ਸਨ। ਉਨ੍ਹਾਂ ਨੂੰ ਤਸਕਰਾਂ ਦੀ ਇਕ ਟੀਮ ਨੇ ਲਿਊਕਵਿਲੇ ਤੋਂ 27 ਕਿਲੋਮੀਟਰ ਦੂਰ ਛੱਡ ਦਿੱਤਾ ਸੀ। ਕੁੱਝ ਦੂਰ ਤਕ ਚੱਲਣ ਮਗਰੋਂ ਬੱਚੀ ਦੀ ਮਾਂ ਇਕ ਹੋਰ ਔਰਤ ਨਾਲ ਪਾਣੀ ਲੈਣ ਗਈ ਸੀ ਪਰ ਇਸ ਦੌਰਾਨ ਬੱਚੀ ਨੇ ਦਮ ਤੋੜ ਦਿੱਤਾ।


Related News