ਭਾਰਤੀ ਲੜਾਕੂ ਜਹਾਜ਼ਾਂ ਤੋਂ ਖੌਫਜ਼ਦਾ ਹੈ ਪਾਕਿ, ਹਵਾਈ ਖੇਤਰ ਨੂੰ ਖੋਲ੍ਹਣ ਤੋਂ ਕੀਤੀ ਕੋਰੀ ਨਾਂਹ

07/12/2019 6:42:58 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਉਸ ਦੀਆਂ ਵਪਾਰਕ ਉਡਾਨਾਂ ਲਈ ਉਦੋਂ ਤੱਕ ਆਪਣੇ ਹਵਾਈ ਖੇਤਰ ਨੂੰ ਨਹੀਂ ਖੋਲ੍ਹੇਗਾ, ਜਦੋਂ ਤੱਕ ਕਿ ਭਾਰਤੀ ਏਅਰ ਫੋਰਸ ਦੇ ਅਗੇਤੀ ਏਅਰਬੇਸ ਤੋਂ ਲੜਾਕੂ ਜਹਾਜ਼ਾਂ ਨੂੰ ਨਹੀਂ ਹਟਾ ਲਿਆ ਜਾਂਦਾ ਹੈ। ਪਾਕਿ ਦੇ ਹਵਾਬਾਜ਼ੀ ਸਕੱਤਰ ਸ਼ਾਹਰੁਖ ਨੁਸਰਤ ਨੇ ਇਕ ਸੰਸਦੀ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ। ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ਵਿਚ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਗਏ ਭਾਰਤੀ ਏਅਰਫੋਰਸ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ 26 ਫਰਵਰੀ ਨੂੰ ਆਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ।

ਡਾਨ ਨਿਊਜ਼ ਦੀ ਖਬਰ ਮੁਤਾਬਕ ਹਵਾਬਾਜ਼ੀ ਸਕੱਤਰ ਨੁਸਰਤ ਨੇ ਵੀਰਵਾਰ ਨੂੰ ਹਵਾਬਾਜ਼ੀ 'ਤੇ ਸੈਨੇਟ ਦੀ ਸਥਾਈ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਵਿਭਾਗ ਨੇ ਭਾਰਤੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਦਾ ਹਵਾਈ ਖੇਤਰ ਭਾਰਤ ਦੇ ਇਸਤੇਮਾਲ ਲਈ ਉਦੋਂ ਤੱਕ ਮੁਹੱਈਆ ਨਹੀਂ ਹੋਵੇਗਾ ਜਦੋਂ ਤੱਕ ਕਿ ਭਾਰਤ ਅਗੇਤੀ ਹਵਾਈ ਅੱਡਿਆਂ ਤੋਂ ਆਪਣੇ ਲੜਾਕੂ ਜਹਾਜ਼ਾਂ ਨੂੰ ਹਟਾ ਨਹੀਂ ਲੈਂਦਾ। ਨੁਸਰਤ ਨੇ ਕਮੇਟੀ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਸਾਡੇ ਨਾਲ ਸੰਪਰਕ ਕਰਕੇ ਹਵਾਈ ਖੇਤਰ ਖੋਲ੍ਹਣ ਦੀ ਅਪੀਲ ਕੀਤੀ ਸੀ।

ਅਸੀਂ ਉਨ੍ਹਾਂ ਨੂੰ ਆਪਣੀਆਂ ਇਨ੍ਹਾਂ ਚਿੰਤਾਵਾਂ ਤੋਂ ਜਾਣੂੰ ਕਰਵਾਇਆ ਕਿ ਪਹਿਲਾਂ ਭਾਰਤ ਨੂੰ ਅਗੇਤੀ ਹਵਾਈ ਅੱਡਿਆਂ 'ਤੇ ਤਾਇਨਾਤ ਆਪਣੇ ਲੜਾਕੂ ਜਹਾਜ਼ਾਂ ਨੂੰ ਯਕੀਨੀ ਤੌਰ 'ਤੇ ਹਟਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਮੇਟੀ ਨੂੰ ਦੱਸਿਆ ਕਿ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਨਾਲ ਸੰਪਰਕ ਕਰਕੇ ਹਵਾਈ ਖੇਤਰ ਦੀ ਪਾਬੰਦੀ ਨੂੰ ਹਟਾਉਣ ਦੀ ਅਪੀਲ ਕੀਤੀ। ਨੁਸਰਤ ਨੇ ਕਿਹਾ ਕਿ ਹਾਲਾਂਕਿ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਕਿ ਭਾਰਤੀ ਏਅਰ ਫੋਰਸ ਦੇ ਹਵਾਈ ਅੱਡੇ 'ਤੇ ਅਜੇ ਵੀ ਲੜਾਕੂ ਜਹਾਜ਼ ਤਾਇਨਾਤ ਹਨ ਅਤੇ ਇਨ੍ਹਾਂ ਜਹਾਜ਼ਾਂ ਦੇ ਹਟਾਏ ਜਾਣ ਤੱਕ ਪਾਕਿਸਤਾਨ ਭਾਰਤ ਤੋਂ ਜਹਾਜ਼ ਰੂਟ ਬਹਾਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਮੁਤਾਬਕ ਪਾਬੰਦੀ ਲਗਾਏ ਜਾਣ ਤੋਂ ਬਾਅਦ ਸਾਰੇ ਯਾਤਰੀ ਜਹਾਜ਼ਾਂ ਨੂੰ ਭਾਰਤ ਵਲੋਂ ਬਦਲਵੇਂ ਰਸਤਿਆਂ ਰਾਹੀਂ ਉਡਾਇਆ ਜਾ ਰਿਹਾ ਹੈ।
 

Sunny Mehra

This news is Content Editor Sunny Mehra