ਯੂ.ਏ.ਈ. 'ਚ ਕੈਦੀਆਂ ਦੀ ਤਰ੍ਹਾਂ ਰਹਿ ਰਿਹਾ ਹੈ ਭਾਰਤੀ ਪਰਿਵਾਰ

07/06/2018 7:23:23 PM

ਦੁਬਈ— 7 ਮੈਂਬਰਾਂ ਵਾਲੇ ਇਕ ਭਾਰਤੀ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਸ਼ਾਰਜਾਹ 'ਚ 'ਕੈਦੀਆਂ ਦੀ ਤਰ੍ਹਾਂ' ਰਹਿ ਰਹੇ ਹਨ। ਉਨ੍ਹਾਂ ਨੇ ਯੂਨਾਈਟਡ ਅਰਬ ਅਮੀਰਾਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮੀਡੀਆ ਦੀ ਖਬਰ 'ਚ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਗ੍ਰਿਫਤਾਰੀ ਤੇ ਦੇਸ਼ 'ਚੋਂ ਕੱਢੇ ਜਾਣ ਦੇ ਡਰ ਤੋਂ ਮੁਕਤੀ ਦਿਵਾਉਣ ਲਈ ਕਾਨੂੰਨੀ ਨਿਵਾਸੀ ਦਾ ਦਰਜਾ ਦਿੱਤਾ ਜਾਵੇ।
ਖਲੀਜ ਟਾਈਮਸ ਦੀ ਖਬਰ ਮੁਤਾਬਕ ਪਰਿਵਾਰ ਦੇ ਤਿੰਨ ਮੈਂਬਰਾਂ ਕੋਲ ਵੀਜ਼ਾ ਤੇ ਪਾਸਪੋਰਟ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਲੋੜੀਂਦਾ ਖਾਣਾ ਤੱਕ ਨਹੀਂ ਹੈ ਤੇ ਅਜਿਹੇ ਦਿਨ ਵੀ ਆਏ ਹਨ ਕਿ ਉਨ੍ਹਾਂ ਨੂੰ ਇਕ ਕਾਬੋਸ (ਅਰਬੀ ਬ੍ਰੈੱਡ) 'ਤੇ ਸਮਾਂ ਬਿਤਾਉਣਾ ਪੈ ਰਿਹਾ ਹੈ। ਖਬਰ 'ਚ ਦੱਸਿਆ ਗਿਆ ਹੈ ਕਿ ਕੇਰਲ ਦੇ ਮਧੂਸੂਦਨਨ (60) ਤੇ ਉਨ੍ਹਾਂ ਦੀ ਸ਼੍ਰੀਲੰਕਾਈ ਪਤਨੀ ਰੋਹਿਨੀ (55) ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਆਮ ਜ਼ਿੰਦਗੀ ਮਿਲੇ, ਜੋ ਆਪਣੀ ਜ਼ਿੰਦਗੀ 'ਚ ਕਦੇ ਸਕੂਲ ਤੱਕ ਨਹੀਂ ਗਏ ਹਨ। ਇਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਚਾਰ ਬੇਟੀਆਂ ਅਸ਼ਵਥੀ (29), ਸੰਗੀਤਾ (25), ਸ਼ਾਂਤੀ (23) ਤੇ ਗੌਰੀ (21) ਹਨ ਤੇ ਇਕ ਬੇਟਾ ਮਿਥੁਨ (21) ਹੈ। ਬੇਟਾ ਬੇਰੁਜ਼ਗਾਰ ਹੈ ਤੇ ਆਪਣੇ ਮਾਤਾ-ਪਿਤਾ ਦੇ ਨਾਲ ਸ਼ਾਰਜਾਹ 'ਚ ਖਸਤਾ ਹਾਲਤ ਵਾਲੇ ਦੋ ਕਮਰਿਆਂ ਦੇ ਘਰ 'ਚ ਰਹਿੰਦਾ ਹੈ। ਮਧੂਸੂਦਨਨ ਨੇ ਕਿਹਾ, ''ਮੈਂ ਆਪਣੇ ਪੰਜਾਂ ਬੱਚਿਆਂ ਨੂੰ ਸਕੂਲ 'ਚ ਦਾਖਲ ਨਹੀਂ ਕਰਾ ਸਕਿਆ ਕਿਉਂਕਿ ਉਨ੍ਹਾਂ ਦਾ ਦਰਜਾ ਗੈਰ-ਕਾਨੂੰਨੀ ਸੀ। ਉਨ੍ਹਾਂ ਦੇ ਕੋਲ ਲੰਬੇ ਸਮੇਂ ਤੱਕ ਪਾਸਪੋਰਟ ਵੀ ਨਹੀਂ ਸੀ। ਉਨ੍ਹਾਂ ਨੇ ਸਿਰਫ ਇਕ ਵਾਰ ਹੀ ਯੂ.ਏ.ਈ. ਦੇ ਬਾਹਰ ਯਾਤਰਾ ਕੀਤੀ ਹੈ। ਉਨ੍ਹਾਂ ਨੇ ਸਾਰੀ ਉਮਰ ਪਰੇਸ਼ਾਨੀ ਸਹਿ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਮਿਲੇ।'' ਰੋਹਿਨੀ ਨੇ ਕਿਹਾ, ''ਬੱਚੇ ਬਾਹਰ ਜਾਣ ਤੋਂ ਡਰਦੇ ਹਨ। ਅਸੀਂ ਕੈਦੀਆਂ ਦੀ ਤਰ੍ਹਾਂ ਰਹਿ ਰਹੇ ਹਾਂ। ਮੈਂ ਆਪਣੇ ਪਰਿਵਾਰ ਦੇ ਲਈ ਆਪਣੀ ਜ਼ਿੰਦਗੀ ਦੇ 30 ਸਾਲ ਕੁਰਬਾਨ ਕਰ ਦਿੱਤੇ। ਮੇਰੇ ਬੱਚੇ ਬਿਹਤਰ ਜ਼ਿੰਦਗੀ ਦੇ ਹੱਕਦਾਰ ਹਨ।'' ਮਧੂਸੂਦਨਨ 1979 'ਚ ਯੂ.ਏ.ਈ. ਆਇਆ ਸੀ ਤੇ ਉਸ ਨੇ 1988 'ਚ ਰੋਹਿਨੀ ਨਾਲ ਵਿਆਹ ਕੀਤਾ ਸੀ।