ਸਿਡਨੀ ''ਚ ਰਹਿੰਦੇ ਭਾਰਤੀ ਦੀ ਨਾਬਾਲਗ ਚੋਰਾਂ ਨੇ ਚੋਰੀ ਕੀਤੀ ਕਾਰ, ਕੀਤਾ ਅਜਿਹਾ ਹਸ਼ਰ

11/23/2017 12:26:03 PM

ਸਿਡਨੀ (ਏਜੰਸੀ)— ਲੁੱਟ-ਖੋਹ, ਚੋਰੀ ਦੀਆਂ ਵਾਰਦਾਤਾਂ ਵਿਦੇਸ਼ਾਂ ਵਿਚ ਵੀ ਆਮ ਹੀ ਹੁੰਦੀਆਂ ਹਨ। ਸ਼ਾਤਰ ਚੋਰ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਕੁਝ ਅਜਿਹਾ ਹੀ ਵਾਪਰਿਆ ਨਿਊ ਸਾਊਥ ਵੇਲਜ਼ ਦੇ ਬੈਕਸਟਾਊਨ 'ਚ ਰਹਿੰਦੇ ਭਾਰਤੀ ਪਰਿਵਾਰ ਨਾਲ, ਜਿੱਥੇ ਕਾਫੀ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਰਹਿੰਦਾ ਹੈ। ਇਹ ਭਾਰਤੀ ਪਰਿਵਾਰ ਪਿਛਲੇ ਦੋ ਸਾਲ ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ। 
ਬੀਤੇ 19 ਨਵੰਬਰ ਯਾਨੀ ਕਿ ਐਤਵਾਰ ਦੀ ਰਾਤ ਨੂੰ ਉਨ੍ਹਾਂ ਦੇ ਘਰ 'ਚੋਂ ਚੋਰ ਕਾਰ ਚੋਰੀ ਕਰ ਕੇ ਲੈ ਗਏ। ਪੁਲਸ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਕਾਰ ਤਾਂ ਮਿਲੀ ਪਰ ਉਹ ਵੀ ਸੜੀ ਹੋਈ ਹਾਲਤ ਵਿਚ। ਇਸ ਚੋਰੀ ਦੀ ਵਾਰਦਾਤ ਨੂੰ ਦੋ ਨਾਬਾਲਗ ਚੋਰਾਂ ਵਲੋਂ ਅੰਜ਼ਾਮ ਦਿੱਤਾ ਗਿਆ ਸੀ। ਕਾਰ ਨੂੰ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਪੂਰੀ ਤਰ੍ਹਾਂ ਸਾੜ ਦਿੱਤਾ। ਪੁਲਸ ਨੂੰ ਕਾਰ ਪੱਛਮੀ ਸਿਡਨੀ ਦੇ ਬੂਸ਼ਲੈਂਡ ਦੇ ਜੰਗਲੀ ਇਲਾਕੇ ਵਿਚ ਮਿਲੀ। 
ਕਾਰ ਦੇ ਮਾਲਕ ਲੱਕੀ ਬੇਦੀ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਚੋਰਾਂ ਵਲੋਂ ਚੋਰੀ ਕੀਤੀ ਕਾਰ ਦੀ ਸਾਰੀ ਵਾਰਦਾਤ ਕੈਮਰੇ 'ਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਫੁਟੇਜ਼ ਦੇਖੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਨਾਬਾਲਗ ਚੋਰ ਉਨ੍ਹਾਂ ਦੀ ਕਾਰ ਚੋਰੀ ਕਰ ਕੇ ਲੈ ਗਏ। ਉਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਿਵੇਂ ਘਰ ਦਾ ਮੇਨ ਗੇਟ ਖੋਲ੍ਹਿਆ ਅਤੇ ਕਾਰ ਚੋਰੀ ਕਰ ਕੇ ਲੈ ਗਏ। ਲੱਕੀ ਨੇ ਪੁਲਸ ਨੂੰ ਕੈਮਰੇ ਦੀ ਫੁਟੇਜ਼ ਦਿੱਤੀ ਅਤੇ ਅਗਲੇ ਦਿਨ ਕਾਰ ਬੂਸ਼ਲੈਂਡ ਦੇ ਜੰਗਲੀ ਇਲਾਕੇ ਵਿਚ ਬਰਾਮਦ ਕੀਤੀ। ਇਸ ਘਟਨਾ ਦੇ ਸੰਬੰਧ ਵਿਚ ਬੈਕਸਟਾਊਨ ਪੁਲਸ ਨੇ ਦੋਹਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਲੱਕੀ ਨੇ ਦੱਸਿਆ ਕਿ ਉਹ ਆਪਣੀ ਕਾਰ ਨੂੰ ਵੇਚਣ ਦੀ ਯੋਜਨਾ ਬਣਾ ਰਹੇ ਸਨ ਪਰ ਬਦਕਿਸਮਤੀ ਨਾਲ ਕਾਰ ਦੀ ਇਨਸ਼ੋਰੈਂਸ ਖਤਮ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਬਾਲਗ ਚੋਰਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ।