ਫੇਸਬੁੱਕ 'ਤੇ ਹਾਈ ਕਮਿਸ਼ਨਰ ਦਾ ਅਕਾਊਂਟ ਬਣਾ ਕੇ ਭਾਰਤੀ ਨਾਲ ਕੀਤੀ ਮੋਟੀ ਠੱਗੀ

01/10/2020 2:20:09 PM

ਅਬੂ ਧਾਬੀ(ਆਈ.ਏ.ਐਨ.ਐਸ.)- ਅਕਸਰ ਪੰਜਾਬੀ ਤੇ ਭਾਰਤੀ ਕੈਨੇਡਾ ਵਰਗੇ ਦੇਸ਼ ਵਿਚ ਚੰਗੀ ਨੌਕਰੀ ਦਾ ਸੁਪਨਾ ਦੇਖਦੇ ਹਨ। ਇਸੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਉਹ ਕਈ ਵਾਰ ਧੋਖੇਬਾਜ਼ਾਂ ਦੇ ਹੱਥੇ ਚੜ੍ਹ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਆਬੂ ਧਾਬੀ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਭਾਰਤੀ ਵਿਅਕਤੀ ਨਾਲ ਕੈਨੇਡਾ ਵਿਚ ਨੌਕਰੀ ਦੇ ਨਾਂ 'ਤੇ 44,000 ਡਾਲਰ ਦੀ ਠੱਗੀ ਹੋ ਗਈ।

ਖਾਲਿਜ ਟਾਈਮਜ਼ ਨੇ ਬੁੱਧਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ ਇਹ ਧੋਖਾਧੜੀ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ, ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਤੇ ਉੱਚ ਅਧਿਕਾਰੀਆਂ ਦੇ ਨਾਂਵਾਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ। ਇਸ ਧੋਖਾਧੜੀ ਦੇ ਸ਼ਿਕਾਰ ਹੋਏ ਰਿਤੇਸ਼ ਮਿਸ਼ਰਾ ਨੇ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਸਲਾਖਾ ਪਿੱਛੇ ਸੁੱਟਿਆ ਜਾਵੇ। ਰਿਤੇਸ਼ ਨੇ ਇਸ ਦੌਰਾਨ ਸਾਰੀ ਘਟਨਾ ਆਪਣੇ ਮੂੰਹੋਂ ਬਿਆਨ ਕੀਤੀ। ਰਿਤੇਸ਼ ਨੇ ਦੱਸਿਆ ਕਿ ਮੈਂ ਆਬੂ ਧਾਬੀ ਵਿਚ ਸੱਤ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਕੰਮ ਵਿਚ ਤਬਦੀਲੀ ਲਈ ਮੈਂ ਕੈਨੇਡਾ ਦਾ ਬਦਲ ਚੁਣਿਆ। ਜੂਨ 2019 ਵਿਚ ਮੈਂ ਕੈਨੇਡਾ ਵਿਚ ਉਸ ਸਮੇਂ ਦੇ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਦੇ ਇਕ ਤਸਦੀਕ ਕੀਤੇ ਫੇਸਬੁੱਕ ਪੇਜ ਨੂੰ ਫਾਲੋਅ ਕੀਤਾ ਤੇ ਇਸ ਪੇਜ 'ਤੇ ਆਪਣੇ ਨੰਬਰ ਨਾਲ ਸੰਦੇਸ਼ ਛੱਡਿਆ। ਕੁਝ ਦਿਨਾਂ ਬਾਅਦ, ਉਸ ਪੇਜ ਤੋਂ ਮੈਨੂੰ ਜਵਾਬ ਮਿਲਿਆ ਤੇ ਮੈਨੂੰ ਬੀ.ਆਈ.ਸੀ.ਸੀ. ਇਮੀਗ੍ਰੇਸ਼ਨ ਕੰਸਲਟੈਂਸੀ ਤੇ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਮੈਂ ਪਟੇਲ ਦੇ ਫੇਸਬੁੱਕ ਪੇਜਾਂ ਨੂੰ ਫਾਲੋਅ ਕੀਤਾ ਤੇ ਇਕ ਸੰਦੇਸ਼ ਛੱਡਿਆ।

ਕੁਝ ਦਿਨ ਬਾਅਦ ਪਟੇਲ ਦੇ ਨਾਂ 'ਤੇ ਵਟਸਐਪ 'ਤੇ ਇਕ ਭਾਰਤੀ ਮੋਬਾਈਲ ਨੰਬਰ ਰਾਹੀਂ ਮੈਨੂੰ ਸੰਪਰਕ ਕੀਤਾ ਗਿਆ ਤੇ ਵੀਜ਼ਾ ਅਰਜ਼ੀ ਰਾਹੀਂ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਉਸ ਨੇ ਡੇਵਿਡਸਨ ਮੈਕਲਵਰਾਥ, ਜੋ ਕਿ ਕੈਨੇਡਾ ਵਿਚ ਸਥਿਤ ਇਕ ਇਮੀਗ੍ਰੇਸ਼ਨ ਅਟਾਰਨੀ ਹੈ, ਦੇ ਸੰਪਰਕ ਵੇਰਵੇ ਦਿੱਤੇ ਤੇ ਮੈਨੂੰ ਉਹਨਾਂ ਦੀ ਸਲਾਹ ਲੈਣ ਲਈ ਕਿਹਾ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਅਗਸਤ ਮਹੀਨੇ ਮਿਸ਼ਰਾ ਨੂੰ ਇਕ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਮਿਸ਼ਰਾ ਨੇ ਕਿਹਾ ਕਿ ਮੈਕਲਵਰਾਥ ਨੇ ਏਅਰ ਕੈਨੇਡਾ ਨਾਲ ਇਕ ਫੋਨ ਇੰਟਰਵਿਊ ਦਾ ਪ੍ਰਬੰਧ ਕੀਤਾ। ਸਤੰਬਰ ਵਿਚ ਮੈਕਲਵਰਾਥ ਨੇ ਮੈਨੂੰ ਇਕ ਆਫਰ ਲੈਟਰ ਭੇਜਿਆ। ਮੈਨੂੰ ਇਕ ਹੋਰ ਪੱਤਰ ਵੀ ਮਿਲਿਆ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਮੈਕਲਵਰਾਥ ਏਅਰ ਕੈਨੇਡਾ ਵਲੋਂ ਇਮੀਗ੍ਰੇਸ਼ਨ ਦੀਆਂ ਰਸਮਾਂ ਪੂਰੀਆਂ ਕਰਨ ਲਈ ਅਧਿਕਾਰਿਤ ਹਨ।

ਅਕਤੂਬਰ ਵਿਚ ਰਿਤੇਸ਼ ਨੇ ਕੈਨੇਡਾ ਇਨ ਇੰਡੀਆ ਦੇ ਟਵਿੱਟਰ ਪੇਜ ਰਾਹੀਂ ਇਸ ਅਥਾਂਟੀਸਿਟੀ ਦੀ ਜਾਂਚ ਕੀਤੀ, ਜੋ ਕਿ ਸਹੀ ਦੱਸੀ ਗਈ। ਰਿਤੇਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਕਲਵਰਾਥ ਨੇ ਮੈਨੂੰ ਕੈਨੇਡਾ ਵਿਚ ਇਕ ਬੈਂਕ ਖਾਤਾ ਖੋਲ੍ਹਣ ਲਈ ਕਿਹਾ ਤਾਂ ਜੋ ਮੇਰੇ ਘਰ ਪਹੁੰਚਣ ਤੇ ਮੇਰੇ ਪਰਿਵਾਰ ਦੀ ਦੇਖਭਾਲ ਲਈ ਲੋੜੀਂਦੇ ਫੰਡਾਂ ਦਾ ਬੰਦੋਬਸਤ ਹੋ ਸਕੇ। ਉਸ ਨੇ ਮੈਨੂੰ ਖਾਤਾ ਖੋਲ੍ਹਣ ਲਈ ਉਸ ਨੂੰ 3,75,000 ਰੁਪਏ ਟ੍ਰਾਂਸਫਰ ਕਰਨ ਲਈ ਕਿਹਾ। ਮੈਂ ਅਜਿਹਾ ਹੀ ਕੀਤਾ। ਇਸ ਤੋਂ ਬਾਅਦ ਮੈਨੂੰ ਇਕ ਮੇਲ ਮਿਲੀ ਕਿ ਸਕਾਟੀਆ ਬੈਂਕ ਵਿਚ ਇਕ ਖਾਤਾ ਖੋਲ੍ਹਿਆ ਗਿਆ ਹੈ ਤੇ ਇਸ ਵਿਚ ਨਕਦ ਜਮ੍ਹਾ ਕਰ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਅਕਤੂਬਰ ਤੇ ਨਵੰਬਰ ਦੇ ਵਿਚਕਾਰ ਮਿਸ਼ਰਾ ਨੇ 4,75,000 ਰੁਪਏ ਇਕ ਭਾਰਤੀ ਬੈਂਕ ਖਾਤੇ ਵਿਚ ਟ੍ਰਾਂਸਫਰ ਕੀਤੇ। ਇਸ ਤੋਂ ਬਾਅਦ ਪਟੇਲ ਨੇ ਮੈਨੂੰ ਇਨਕਮ ਟੈਕਸ ਰਿਕਾਰਡ ਲਈ 1,69,900 ਰੁਪਏ, ਵੀਜ਼ਾ ਸਟੈਂਪ ਫੀਸ ਵਜੋਂ 1,60,881 ਰੁਪਏ ਤੇ ਐਜੂਕੇਸ਼ਨ ਸਰਟੀਫਿਕੇਟਾਂ ਲਈ 1,45,000 ਰੁਪਏ ਟ੍ਰਾਂਸਫਰ ਕਰਨ ਲਈ ਕਿਹਾ। ਮੈਂ ਪੂਰੀ ਰਕਮ ਟ੍ਰਾਂਸਫਰ ਕਰ ਦਿੱਤੀ ਤੇ ਮੈਨੂੰ ਮੇਲ 'ਤੇ ਮੇਰੇ ਵੀਜ਼ਾ 'ਤੇ ਮੋਹਰ ਲਗਾਉਣ ਲਈ ਇਕ ਇਨਵੀਟੇਸ਼ਨ ਲੈਟਰ ਮਿਲਿਆ। ਮੈਂ ਅਬੂ ਧਾਬੀ ਵਿਚ ਭਾਰਤੀ ਦੂਤਘਰ ਆਪਣਾ ਪਾਸਪੋਰਟ ਜਮ੍ਹਾ ਕਰਨ ਲਈ ਗਿਆ ਪਰ ਮੈਨੂੰ ਦੱਸਿਆ ਗਿਆ ਸੀ ਕਿ ਇਨਵੀਟੇਸ਼ਨ ਲੈਟਰ ਨਕਲੀ ਸੀ ਤੇ ਮੇਰੇ ਨਾਮ ਤੇ ਕੋਈ ਅਰਜ਼ੀ ਨਹੀਂ ਸੀ। ਇਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ ਮੈਨੂੰ ਜਾਲ ਵਿਚ ਫਸਾਉਣ ਲਈ ਕੀਤਾ ਗਿਆ ਸੀ ਤੇ ਉਹ ਫੇਸਬੁੱਕ ਪੇਜ ਨਕਲੀ ਸਨ। ਅਬੂ ਧਾਬੀ ਸਥਿਤ ਭਾਰਤੀ ਦੂਤਘਰ ਸਬੰਧਤ ਅਧਿਕਾਰੀਆਂ ਨਾਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।


Baljit Singh

Content Editor

Related News