ਇਟਲੀ ''ਚ ਭਾਰਤੀ ਅੰਬੈਂਸੀ ਵੱਲੋਂ ਬਿਨਾਂ ਪੇਪਰਾਂ ਦੇ ਰਹਿ ਰਹੇ ਭਾਰਤੀਆਂ ਨੂੰ ਨਵੇਂ ਪਾਸਪੋਰਟ ਦੇਣੇ ਕੀਤੇ ਸ਼ੁਰੂ

06/21/2020 3:25:24 AM

ਰੋਮ ਇਟਲ਼ੀ (ਕੈਂਥ) - ਇਟਲੀ ਵਿੱਚ ਜਦੋਂ ਦੀ ਇਮੀਗ੍ਰੇਸ਼ਨ ਖੁੱਲੀ ਹੈ ਤਾਂ ਬਿਨਾਂ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਦਾ ਰੰਗ ਪੀਲ਼ਾ ਪਿਆ ਸੀ ਕਿ ਕਿਤੇ ਉਹ ਬਿਨਾਂ ਪਾਸਪੋਰਟ ਦੇ ਪੇਪਰ ਭਰਨ ਤੋਂ  ਰਹਿ ਨਾ ਜਾਣ ਪਰ ਜਿਸ ਸੰਜੀਦਾ ਢੰਗ ਨਾਲ ਭਾਰਤੀ ਅੰਬੈਂਸੀ ਨੇ ਇਟਲੀ ਦੇ ਕੱਚੇ ਭਾਰਤੀਆਂ ਦੀ ਬਾਂਹ ਫੜ੍ਹੀ ਹੈ ਉਹ ਕਾਬਲੇ ਤਾਰੀਫ਼ ਹੈ। ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਾਰਤੀ ਅੰਬੈਂਸੀ ਰੋਮ ਵੱਲੋ ਇਕ ਸਲਾਂਘਾ ਭਰਪੂਰ ਪਹਿਲ ਕਦਮੀ ਕਰਦਿਆਂ ਵਿਸ਼ੇਸ ਕੈਂਪਾਂ  ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਵਿਅਕਤੀ ਪਾਸਪੋਰਟ ਪ੍ਰਾਪਤ ਕਰ ਸਕੇ। ਇਸ ਸਬੰਧ ਵਿਚ ਭਾਰਤੀ ਅੰਬੈਂਸੀ ਰੋਮ ਵੱਲੋਂ 13 ਜੂਨ ਨੂੰ ਵਿਸ਼ੇਸ਼ ਪਾਸਪੋਰਟ ਕੈਪ ਅੰਬੈਂਸੀ ਰੋਮ ਵਿਖੇ ਲਗਾਇਆ ਵੀ ਜਾ ਚੁੱਕਾ ਹੈ ਜਿਸ ਵਿੱਚ ਉਚੇਚੇ ਤੌਰ 'ਤੇ ਉਨ੍ਹਾਂ ਭਾਰਤੀਆਂ ਦੀਆਂ ਅਰਜ਼ੀਆਂ ਲੈ ਕੇ ਉਸੇ ਦਿਨ ਅਥਾਰਟੀ ਪੱਤਰ ਦਿੱਤੇ ਸੀ ਜਿਨ੍ਹਾਂ ਕੋਲ ਪਾਸਪੋਰਟ ਨਹੀ ਸਨ। ਇਸ ਪ੍ਰਕਿਰਿਆ ਵਿੱਚ ਹੁਣ ਤੱਕ ਅੰਬੈਂਸੀ ਵੱਲੋਂ  ਸੈਂਕੜੇ ਭਾਰਤੀਆਂ ਨੂੰ ਅਥਾਰਟੀ ਪੱਤਰ ਜਾਰੀ ਵੀ ਹੋ ਚੁੱਕੇ ਹਨ ਤੇ 104 ਭਾਰਤੀਆਂ ਨੂੰ ਨਵੇਂ ਪਾਸਪੋਰਟ ਵੀ ਹਾਲ ਹੀ ਵਿੱਚ ਦਿੱਤੇ ਜਾ ਚੁੱਕੇ ਹਨ ਜਦੋਂ ਕਿ ਹੁਣ ਤੱਕ ਅੰਬੈਂਸੀ ਵਿੱਚ ਨਵੇਂ ਪਾਸਪੋਰਟ ਬਣਾਉਣ ਲਈ 1300 ਨੌਜਵਾਨਾਂ ਦੀਆਂ ਅਰਜੀਆਂ ਆ ਚੁੱਕੀਆਂ ਹਨ।

ਬਿਨਾਂ  ਪਾਸਪੋਰਟ ਅਤੇ ਪੇਪਰਾਂ ਦੇ ਪਰਵਾਸ ਹੰਢਾਅ ਰਹੇ ਭਾਰਤੀ ਨੂੰ ਇਟਲੀ ਦੇ ਪੇਪਰ ਲੈਣ ਵਿੱਚ ਭਾਰਤੀ ਅੰਬੈਂਸੀ ਰੋਮ ਦਾ ਸਮੂਹ ਸਟਾਫ਼ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ  ਦੀ ਯੋਗ ਅਗਵਾਈ ਵਿੱਚ ਬਹੁਤ ਹੀ ਸਰਲ ਅਤੇ ਸੁਹਿਰਦ ਢੰਗ ਨਾਲ ਪਾਸਪੋਰਟ ਸੰਬਧੀ ਸੱਮਸਿਆਵਾਂ ਨੂੰ ਨਜਿੱਠ ਰਿਹਾ ਹੈ ਤਾਂ ਜੋ ਇਟਲੀ ਦੇ ਹਰ ਗੈਰ ਕਾਨੂੰਨੀ ਭਾਰਤੀ ਨੂੰ ਪੇਪਰ ਮਿਲ ਸਕਣ ।ਪਾਸਪੋਰਟ ਬਣਾਉਣ ਵਾਲੇ ਭਾਰਤੀ ਵਧੇਰੇ ਜਾਣਕਾਰੀ ਲਈ ਭਾਰਤੀ ਅੰਬੈਂਸੀ ਰੋਮ ਦੇ ਫੇਸਬੁੱਕ ਲਿੰਕ ਜਾ ਸਾਈਟ 'ਤੇ ਜਾਇਆ ਜਾ ਸਕਦਾ ਹੈ ਜਾਂ ਫਿਰ ਸਬੰਧਿਤ ਧਾਰਮਿਕ ਸਥਾਨਾਂ ਦੇ ਨੁਮਾਇਦਿਆਂ ਨਾਲ ਸੰਪਰਕ ਕਰ ਸਕਦੇ ਹੋ। ਇਸ ਕਾਰਜ ਲਈ ਰੋਮ ਅੰਬੈਂਸੀ ਵੱਲੋਂ ਵਲੰਟੀਅਰ ਵੀ ਨਿਯੁਕਤ ਕੀਤੇ ਹਨ ਜਿਹੜੇ ਕਿ ਬਹੁਤ ਹੀ ਸਲਾਘਾਯੋਗ ਕਾਰਜਾਂ ਰਾਹੀਂ ਸੇਵਾ ਨਿਭਾਅ ਰਹੇ ਹਨ। ਪਾਸਪੋਰਟ ਪ੍ਰਾਪਤ ਕਰਨ ਵਾਲੇ 104 ਭਾਰਤੀ ਨੌਜਵਾਨਾਂ ਵੱਲੋਂ ਅੰਬੈਂਸੀ ਰੋਮ ਦੇ ਸਾਰੇ ਸਟਾਫ਼ ਅਤੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਹੁਰਾਂ ਦਾ ਉਚੇਚਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੀਆਂ ਸਲਾਂਘਯੋਗ ਕਾਰਵਾਈਆਂ ਦੀ ਬਦੌਲਤ ਇਹਨਾਂ ਵਿਚਾਰਿਆਂ ਨੂੰ ਹੁਣ ਜਲਦ ਇਟਲੀ ਦੇ ਪੇਪਰ ਨਸੀਬ ਹੋ ਜਾਣਗੇ ਤੇ ਇਹ ਜਲਦ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ।

Khushdeep Jassi

This news is Content Editor Khushdeep Jassi