ਦੁਬਈ 'ਚ ਭਾਰਤੀ ਨੌਜਵਾਨ 'ਤੇ 8.3 ਮਿਲੀਅਨ ਦਿਰਾਮ ਦੀਆਂ ਘੜੀਆਂ ਚੋਰੀ ਕਰਨ ਦਾ ਦੋਸ਼

02/20/2020 12:00:06 PM

ਦੁਬਈ— ਯੂਨਾਈਟਡ ਅਰਬ ਅਮੀਰਾਤ 'ਚ ਇਕ ਭਾਰਤੀ 'ਤੇ ਦੋਸ਼ ਲੱਗੇ ਹਨ ਕਿ ਉਸ ਨੇ 86 ਮਹਿੰਗੀਆਂ ਘੜੀਆਂ ਚੋਰੀ ਕੀਤੀਆਂ, ਜਿਨ੍ਹਾਂ ਦੀ ਲਗਭਗ ਕੀਮਤ 8.3 ਮਿਲੀਅਨ ਦਿਰਾਮ (2 ਮਿਲੀਅਨ ਡਾਲਰ) ਹੈ। ਮੀਡੀਆ ਰਿਪੋਰਟ ਮੁਤਾਬਕ ਉਸ ਨੂੰ ਟਰਾਇਲ ਲਈ ਭੇਜਿਆ ਗਿਆ ਹੈ। 26 ਸਾਲਾ ਨੌਜਵਾਨ ਜਿਸ ਦੁਕਾਨ 'ਚ ਕੰਮ ਕਰਦਾ ਸੀ, ਉੱਥੋਂ ਉਸ ਨੇ ਮਹਿੰਗੀਆਂ ਘੜੀਆਂ ਚੋਰੀ ਕੀਤੀਆਂ ਅਤੇ ਪਾਕਿਸਤਾਨੀ ਵਿਅਕਤੀ ਨੂੰ ਵੇਚ ਦਿੱਤੀਆਂ। ਦੋ ਪਾਕਿਸਤਾਨੀ ਭਰਾਵਾਂ 'ਤੇ ਵੀ ਘੜੀਆਂ ਚੋਰੀ ਮਾਮਲੇ 'ਚ ਰਲੇ ਹੋਣ ਕਾਰਨ ਮੁਕੱਦਮਾ ਚੱਲ ਰਿਹਾ ਹੈ। 6 ਜਨਵਰੀ ਨੂੰ ਦੁਕਾਨ ਦੇ ਮਾਲਕ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ।

ਉਸ ਨੇ ਦੱਸਿਆ ਕਿ ਪਿਛਲੇ ਸਾਲ 25 ਜਨਵਰੀ ਨੂੰ ਉਹ ਆਪਣੀ ਦੁਕਾਨ 'ਚ ਸੀ ਜਦ ਇਕ ਸੇਲਸਮੈਨ ਨੇ ਉਸ ਨੂੰ ਦੱਸਿਆ ਕਿ ਉਸ ਨੂੰ 30,000 ਦਿਰਾਮ ਦੀ ਇਕ ਘੜੀ ਕੂੜੇਦਾਨ 'ਚੋਂ ਮਿਲੀ। ਜਦ ਉਸ ਨੇ ਆਪਣੀ ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੇ ਇਨ੍ਹਾਂ ਘੜੀਆਂ ਨੂੰ ਇਕ ਡੱਬੇ 'ਚ ਰੱਖ ਕੇ ਕੂੜੇਦਾਨ 'ਚ ਸੁੱਟ ਦਿੱਤਾ ਸੀ ਤਾਂ ਕਿ ਮਗਰੋਂ ਉਹ ਇਨ੍ਹਾਂ ਨੂੰ ਦੁਕਾਨ 'ਚੋਂ ਬਾਹਰ ਲੈ ਜਾ ਕੇ ਵੇਚ ਸਕੇ।
ਜਦ ਦੁਕਾਨ ਮਾਲਕ ਨੇ ਉਸ (ਭਾਰਤੀ ਨੌਜਵਾਨ) ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੇ 250,000 ਅਤੇ 270,000 ਦਿਰਾਮ ਦੀਆਂ ਦੋ ਘੜੀਆਂ ਚੋਰੀ ਕੀਤੀਆਂ ਸਨ। ਉਸ ਨੇ ਇਹ ਦੋਵੇਂ ਘੜੀਆਂ ਪਾਕਿਸਾਨੀ ਵਿਅਕਤੀ ਨੂੰ 10,000 ਦਿਰਾਮ 'ਚ ਵੇਚੀਆਂ ਪਰ ਉਸ ਨੂੰ ਅਜੇ ਇਕ ਘੜੀ ਦੇ ਪੈਸੇ ਨਹੀਂ ਮਿਲੇ।


Related News