ਵਿਕਟੋਰੀਆ ''ਚ ਭਾਰਤੀ ਡਰਾਈਵਿੰਗ ਲਾਈਸੈਂਸ ਗੈਰ-ਕਾਨੂੰਨੀ ਕਰਾਰ, ਹਜ਼ਾਰਾਂ ਹੋਏ ਬੇਰੁਜ਼ਗਾਰ

09/20/2017 2:16:54 PM

ਨਵੀਂ ਦਿੱਲੀ/ਮੈਲਬੌਰਨ— ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਭਾਰਤੀ ਡਰਾਈਵਿੰਗ ਲਾਈਸੈਂਸ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ। ਅਜਿਹਾ ਕਦਮ ਵਿਕਟੋਰੀਆ ਰੋਡ ਅਥਾਰਟੀ ਨੇ ਜਾਅਲੀ ਭਾਰਤੀ ਲਾਈਸੈਂਸ ਫੜੇ ਜਾਣ ਤੋਂ ਬਾਅਦ ਚੁੱਕਿਆ ਹੈ। ਅਥਾਰਟੀ ਨੇ ਭਾਰਤੀ ਲਾਈਸੈਂਸ ਨੂੰ ਸਿਰੇ ਤੋਂ ਨਾਕਾਰਦੇ ਹੋਏ ਕਿਹਾ ਹੈ ਕਿ ਇੱਥੇ ਵਾਹਨ ਚਲਾਉਣ ਵਾਲੇ ਭਾਰਤੀਆਂ ਨੂੰ ਇੱਥੇ ਵਿਕਟੋਰੀਆ ਦਾ ਲਾਈਸੈਂਸ ਲੈਣਾ ਹੋਵੇਗਾ। ਵਿਕਟੋਰੀਆ 'ਚ ਲਾਈਸੈਂਸ ਅਥਾਰਟੀ ਦੇ ਅਜਿਹੇ ਹੁਕਮਾਂ ਤੋਂ ਬਾਅਦ ਉੱਥੇ ਵਾਹਨ ਚਲਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਹਜ਼ਾਰਾਂ ਭਾਰਤੀਆਂ 'ਤੇ ਸੰਕਟ ਦੇ ਬਾਦਲ ਛਾ ਗਏ ਹਨ। 


ਡਰਾਈਵਿੰਗ ਲਾਈਸੈਂਸ ਹੋਏ ਰੱਦ, ਹਜ਼ਾਰਾਂ 'ਤੇ ਡਿੱਗੀ ਗਾਜ਼
ਖਬਰਾਂ ਮੁਤਾਬਕ, ਡਰਾਈਵਿੰਗ ਲਾਈਸੈਂਸ ਰੱਦ ਹੋਣ ਨਾਲ ਕਈ ਭਾਰਤੀਆਂ ਨੂੰ ਡਰਾਈਵਰੀ ਦਾ ਕੰਮ ਛੱਡਣਾ ਪੈ ਗਿਆ ਹੈ। ਹਾਲਾਂਕਿ ਪੂਰੇ ਆਸਟ੍ਰੇਲੀਆ 'ਚ ਭਾਰਤੀ ਇਸ ਨਾਲ ਪ੍ਰਭਾਵਿਤ ਨਹੀਂ ਹੋਏ ਹਨ, ਸਿਰਫ ਵਿਕਟੋਰੀਆ 'ਚ ਕੁਝ ਮਾਮਲੇ ਸਾਹਮਣੇ ਆਏ ਹਨ। ਦਰਅਸਲ, ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਜਾ ਕੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਉੱਥੋਂ ਨਵਾਂ ਲਾਈਸੈਂਸ ਲੈਣ ਦੀ ਬਜਾਏ ਇੱਥੋਂ ਹੀ ਆਪਣੇ ਲਾਈਸੈਂਸ ਦੇ ਨਾਲ-ਨਾਲ ਕੌਮਾਂਤਰੀ ਡਰਾਈਵਿੰਗ ਦਾ ਇਕ ਪ੍ਰਮਾਣ ਪੱਤਰ ਲੈ ਕੇ ਜਾਣਾ ਹੁੰਦਾ ਸੀ। ਇਸੇ ਪ੍ਰਮਾਣ ਪੱਤਰ ਦੇ ਆਧਾਰ 'ਤੇ ਆਸਟ੍ਰੇਲੀਆ 'ਚ ਭਾਰਤੀ ਦੂਤਘਰ ਲਾਈਸੈਂਸ ਨੂੰ ਵੈਰੀਫਾਈ (ਤਸਦੀਕ) ਕਰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਰੋਡ ਟੈਸਟ ਪਾਸ ਪਾਸ ਕਰਨਾ ਹੁੰਦਾ ਸੀ ਅਤੇ ਫਿਰ ਵਾਹਨ ਚਲਾਉਣ ਦੀ ਇਜਾਜ਼ਤ ਮਿਲ ਜਾਂਦੀ ਸੀ। 
ਹੁਣ ਕੀ ਕਰਨਾ ਹੋਵੇਗਾ ਭਾਰਤੀ ਲਾਈਸੈਂਸ ਧਾਰਕਾਂ ਨੂੰ?
ਹੁਣ ਵਿਕਟੋਰੀਆ 'ਚ ਭਾਰਤੀ ਲਾਈਸੈਂਸ ਧਾਰਕਾਂ ਨੂੰ ਉੱਥੇ ਦੀ ਅਥਾਰਟੀ ਕੋਲੋਂ ਲਾਈਸੈਂਸ ਜਾਰੀ ਕਰਾਉਣਾ ਹੋਵੇਗਾ। ਭਾਰਤੀ ਲਾਈਸੈਂਸ ਧਾਰਕਾਂ ਨੂੰ ਵਿਕਟੋਰੀਆ 'ਚ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਇੱਥੇ ਵਾਹਨ ਚਲਾਉਣ ਵਾਲਿਆਂ ਨੂੰ ਲਾਈਸੈਂਸ ਵੀ ਇੱਥੇ ਦਾ ਹੀ ਲੈਣਾ ਹੋਵੇਗਾ। ਅਜਿਹੇ ਫੈਸਲੇ ਨਾਲ ਆਸਟ੍ਰੇਲੀਆ 'ਚ ਪਿਜ਼ਾ ਡਲਿਵਰੀ ਦਾ ਕੰਮ ਕਰਨ ਵਾਲੇ ਚਾਲਕ ਵੀ ਪ੍ਰਭਾਵਿਤ ਹੋਏ ਹਨ । ਇਸ ਕੰਮ ਨਾਲ ਜੁੜੇ ਇਕ ਵਿਅਕਤੀ ਮੁਤਾਬਕ, ਕੁਝ ਮਹੀਨੇ ਪਹਿਲਾਂ ਜਦੋਂ ਉਸ ਨੇ ਵਿਕਟੋਰੀਆ ਰੋਡ ਅਥਾਰਟੀ ਕੋਲ ਆਪਣਾ ਲਾਈਸੈਂਸ ਭਾਰਤੀ ਦੂਤਘਰ ਤੋਂ ਤਸਦੀਕ ਕਰਾ ਕੇ ਦਿੱਤਾ ਸੀ ਤਾਂ ਉਨ੍ਹਾਂ ਨੇ ਮੰਨਿਆ ਸੀ ਕਿ ਸਾਰੇ ਦਸਤਾਵੇਜ਼ ਅਸਲੀ ਹਨ ਪਰ ਹੁਣ ਅਥਾਰਟੀ ਨੇ ਕਿਹਾ ਹੈ ਕਿ ਉਹ ਇਸ ਨੂੰ ਬਿਲਕੁਲ ਕਨਫਰਮ ਨਹੀਂ ਕਰ ਸਕਦੇ ਕਿ ਜਿਸ ਭਾਰਤੀ ਲਾਈਸੈਂਸ ਦੀ ਜਾਣਕਾਰੀ ਦਿੱਤੀ ਗਈ ਹੈ ਉਹ ਸਹੀ ਹੈ ਜਾਂ ਨਹੀਂ।

ਵਿਕਟੋਰੀਆ ਰੋਡ ਅਥਾਰਟੀ ਵੱਲੋਂ ਭਾਰਤੀਆਂ ਨੂੰ ਇੱਥੇ ਲਰਨਿੰਗ ਲਾਈਸੈਂਸ ਲੈ ਲੈਣ ਨੂੰ ਕਿਹਾ ਗਿਆ ਹੈ। ਉੱਥੇ ਹੀ, ਇਸ ਵਿਚਕਾਰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਕਟੋਰੀਆ ਰੋਡ ਅਥਾਰਟੀ ਨੇ ਇਹ ਕਦਮ ਫਰਜ਼ੀ ਡਰਾਈਵਿੰਗ ਲਾਈਸੈਂਸ ਫੜੇ ਜਾਣ ਤੋਂ ਬਾਅਦ ਚੁੱਕਿਆ ਹੈ ਅਤੇ ਹੁਣ ਅਥਾਰਟੀ ਆਪਣੇ ਪੱਧਰ 'ਤੇ ਭਾਰਤੀ ਲਾਈਸੈਂਸ ਦੀ ਤਸਦੀਕ ਕਰ ਰਹੀ ਹੈ।