ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਭਾਰਤੀ ਵਿਅਕਤੀ ਦੀ ਮੌਤ

04/01/2023 8:17:24 PM

ਰੋਮ (ਕੈਂਥ) : ਜ਼ਿਲ੍ਹਾ ਲਾਤੀਨਾ ਦੇ ਰੋਡ ਮਿਲੀਆਰਾ ਨੰਬਰ 47 'ਤੇ ਪੁਨਤੀਨੀਆਂ ਸ਼ਹਿਰ ਨੇੜੇ ਬੀਤੀ ਸ਼ਾਮ ਸੜਕ ਹਾਦਸੇ 'ਚ ਇਕ ਇਟਾਲੀਅਨ ਨੇ ਸਾਈਕਲ 'ਤੇ ਜਾ ਰਹੇ ਭਾਰਤੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਭਾਰਤੀ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਇਸ ਅਣਹੋਣੀ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਦਰਬਾਰਾ ਸਿੰਘ ਪਿਹੋਵਾ (51) ਕੁਰੂਕਸ਼ੇਤਰ (ਹਰਿਆਣਾ) ਬੀਤੇ ਦਿਨ ਘਰੋਂ ਕਿਸੇ ਕੰਮ ਲਈ ਪਿੰਡ ਚਰਿਆਰਾ ਨੂੰ ਸਾਈਕਲ 'ਤੇ ਜਾ ਰਿਹਾ ਸੀ ਕਿ ਘਰੋਂ ਥੋੜ੍ਹੀ ਦੂਰ 'ਤੇ ਜਾਣ ਪਿੱਛੋਂ ਇਕ ਇਟਾਲੀਅਨ ਬਜ਼ੁਰਗ ਕਾਰ ਸਵਾਰ ਨੇ ਉਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਪਿਆ।

ਇਹ ਵੀ ਪੜ੍ਹੋ : ਇਟਲੀ 'ਚ 2 ਸਕੇ ਪੰਜਾਬੀ ਭਰਾਵਾਂ ਨੂੰ ਲੱਖਾਂ ਯੂਰੋ ਸਣੇ 10-10 ਸਾਲ ਦੀ ਸਜ਼ਾ, ਸੰਗਰੂਰ ਦੇ ਨੌਜਵਾਨ ਦਾ ਕੀਤਾ ਸੀ ਕਤਲ

ਕਾਰ ਚਾਲਕ ਬਜ਼ੁਰਗ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਕਿਸੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ। ਉਸ ਨੂੰ ਲੱਗਾ ਕਿ ਗੱਡੀ ਕਿਸੇ ਚੀਜ਼ ਨਾਲ ਟਕਰਾਈ ਹੈ, ਜਿਸ ਨੂੰ ਦੇਖਣ ਲਈ ਜਦੋਂ ਉਸ ਨੇ ਗੱਡੀ ਪਿੱਛੇ ਕੀਤੀ ਤਾਂ ਗੱਡੀ ਦੇ ਪਿਛਲੇ ਟਾਇਰ ਦਰਬਾਰਾ ਸਿੰਘ ਦੇ ਸਿਰ ਉਪਰੋਂ ਲੰਘ ਗਏ, ਜਿਸ ਨਾਲ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਬੇਸ਼ੱਕ ਐਂਬੂਲੈਂਸ ਵੀ ਆ ਗਈ ਤੇ ਪੁਲਸ ਵੀ ਪਰ ਉਦੋਂ ਤੱਕ ਭਾਣਾ ਵਰਤ ਚੁੱਕਾ ਸੀ। ਹਾਦਸੇ ਸਬੰਧੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਗੱਡੀ ਚਾਲਕ ਇਟਾਲੀਅਨ ਬਜ਼ੁਰਗ ਵੀ ਘਟਨਾ ਸਥਾਨ 'ਤੇ ਹੀ ਰਿਹਾ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮ੍ਰਿਤਕ ਭਰਾ ਦਾ ਅੰਤਿਮ ਸੰਸਕਾਰ ਉਸ ਦੀ ਵਿਧਵਾ ਤੇ ਬੱਚਿਆਂ ਦੇ ਆਉਣ ਉਪਰੰਤ ਇਟਲੀ 'ਚ ਹੀ ਕੀਤਾ ਜਾਵੇਗਾ। ਉਸ ਦਾ ਮ੍ਰਿਤਕ ਭਰਾ ਸਾਲ 2009 'ਚ ਇਟਲੀ ਆਇਆ ਸੀ। ਇਸ ਘਟਨਾ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh