ਮਾਣ ਦੀ ਗੱਲ, ਭਾਰਤੀ ਮੂਲ ਦੇ ਦੇਵ ਸ਼ਾਹ ਨੇ ਜਿੱਤਿਆ 2023 ਦਾ 'ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ' ਖਿਤਾਬ

06/02/2023 11:33:45 AM

ਵਾਸ਼ਿੰਗਟਨ (ਭਾਸ਼ਾ)-  ਭਾਰਤੀ-ਅਮਰੀਕੀ ਦੇਵ ਸ਼ਾਹ ਨੇ ‘ਸਮੋਫਾਈਲ’ ਸ਼ਬਦ ਦੇ ਸਹੀ ਸਪੈਲਿੰਗ ਦੱਸ ਕੇ ਸਾਲ 2023 ਦਾ ‘ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ’ ਖਿਤਾਬ ਜਿੱਤ ਲਿਆ ਹੈ। ਫਲੋਰੀਡਾ ਦੇ ਲਾਰਗੋ ਸਿਟੀ ਦਾ ਰਹਿਣ ਵਾਲਾ ਸ਼ਾਹ (14) ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਵੀਰਵਾਰ ਨੂੰ ਇਸ ਖਿਤਾਬ ਦੇ ਨਾਲ-ਨਾਲ 50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵੀ ਜਿੱਤੀ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਮੈਰੀਲੈਂਡ ਦੇ ਨੈਸ਼ਨਲ ਹਾਰਬਰ 'ਚ ਆਯੋਜਿਤ ਮੁਕਾਬਲੇ 'ਚ ਸ਼ਾਹ ਨੇ ਕਿਹਾ ਕਿ ''ਇਹ ਹੈਰਾਨੀਜਨਕ ਹੈ... ਮੇਰੀਆਂ ਲੱਤਾਂ ਅਜੇ ਵੀ ਕੰਬ ਰਹੀਆਂ ਹਨ।'' 

ਸ਼ਾਹ ਨੇ 'ਸਮੋਫਾਈਲ' ਦੇ ਸਪੈਲਿੰਗ ਨੂੰ ਠੀਕ ਦੱਸ ਕੇ ਇਹ ਮੁਕਾਬਲਾ ਜਿੱਤਿਆ। 'ਸਮੋਫਾਈਲ' ਰੇਤਲੇ ਖੇਤਰਾਂ ਵਿੱਚ ਪਾਏ ਜਾਣ ਵਾਲੇ ਪੌਦੇ ਜਾਂ ਜਾਨਵਰ ਹਨ। ਅਖ਼ਬਾਰ ‘ਨਿਊਯਾਰਕ ਟਾਈਮਜ਼’ ਦੀ ਖਬਰ ਮੁਤਾਬਕ ਸ਼ਾਹ ਨੇ ਸ਼ਬਦ ਨੂੰ ਤੁਰੰਤ ਪਛਾਣ ਲਿਆ ਪਰ ਫਿਰ ਵੀ ਪੂਰੀ ਤਰ੍ਹਾਂ ਸੰਤੁਸ਼ਟ ਹੋਣ ਲਈ ਇਸ ਨਾਲ ਜੁੜੇ ਕੁਝ ਸਵਾਲ ਪੁੱਛੇ। ਉਸਨੇ ਪੁੱਛਿਆ ਕਿ "ਯੂਨਾਨੀ ਵਿੱਚ ਸਮੋ ਦਾ ਅਰਥ ਹੈ ਰੇਤ?" ਅਤੇ "ਫਿਲ ਦਾ ਅਰਥ ਪਿਆਰ ਹੈ?" ਇਸ ਤੋਂ ਪਹਿਲਾਂ ਉਹ 2019 ਅਤੇ 2021 ਵਿੱਚ ਇਸ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੇ ਹਨ। ਕੋਵਿਡ -19 ਦੀ ਵਿਸ਼ਵਵਿਆਪੀ ਮਹਾਮਾਰੀ ਕਾਰਨ ਇਹ ਮੁਕਾਬਲਾ 2020 ਵਿੱਚ ਨਹੀਂ ਆਯੋਜਿਤ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ-ਅਮਰੀਕੀ ਵਿਦਿਆਰਥੀ 'ਯੰਗ ਸਾਇੰਟਿਸਟ' ਐਵਾਰਡ ਨਾਲ ਸਨਮਾਨਿਤ

ਸ਼ਾਹ ਦੇ ਮਾਤਾ-ਪਿਤਾ ਉਸ ਦੀ ਜਿੱਤ ਤੋਂ ਬਾਅਦ ਬਹੁਤ ਭਾਵੁਕ ਨਜ਼ਰ ਆਏ। ਉਸ ਦੀ ਮਾਂ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਇਸ ਲਈ ਸਖ਼ਤ ਮਿਹਨਤ ਕਰ ਰਿਹਾ ਸੀ। ਸ਼ੁਰੂਆਤੀ ਦੌਰ ਦਾ ਮੁਕਾਬਲਾ ਮੰਗਲਵਾਰ ਨੂੰ ਹੋਇਆ, ਜਦਕਿ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਬੁੱਧਵਾਰ ਨੂੰ ਹੋਏ। ਵਰਜੀਨੀਆ ਦੇ ਅਰਲਿੰਗਟ ਦੀ 14 ਸਾਲਾ ਸ਼ਾਰਲੋਟ ਵਾਲਸ਼ ਮੁਕਾਬਲੇ ਵਿੱਚ ਉਪ ਜੇਤੂ ਰਹੀ। ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ‘ਸਪੈਲਿੰਗ ਬੀ’ ਵਿੱਚ ਭਾਗ ਲੈਂਦੇ ਹਨ। ਇਹ ਸ਼ਬਦਾਂ ਦੇ ਸਹੀ ਸਪੈਲਿੰਗ 'ਤੇ ਇੱਕ ਮੁਕਾਬਲਾ ਹੈ। ‘ਨੈਸ਼ਨਲ ਸਪੈਲਿੰਗ ਬੀ’ ਮੁਕਾਬਲਾ 1925 ਵਿੱਚ ਸ਼ੁਰੂ ਹੋਇਆ ਸੀ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰ ਦਿਓ ਆਪਣੀ ਰਾਏ।

Vandana

This news is Content Editor Vandana