ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਨੇ ਰਾਸ਼ਟਰਪਤੀ ਅਹੁਦੇ ਲਈ ਬਾਇਡੇਨ ਦਾ ਕੀਤਾ ਸਮਰਥਨ

04/28/2020 2:33:49 AM

ਵਾਸ਼ਿੰਗਟਨ - ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜਯਪਾਲ ਨੇ ਵਾਈਟ ਹਾਊਸ ਪਹੁੰਚਣ ਦੇ ਯਤਨ ਵਿਚ ਲੱਗੇ ਜੋ ਬਾਇਡੇਨ ਦੀ ਕੋਸ਼ਿਸ਼ ਦਾ ਇਹ ਆਖਦੇ ਹੋਏ ਸਮਰਥਨ ਕੀਤਾ ਕਿ ਸਾਬਕਾ ਉਪ ਰਾਸ਼ਟਰਪਤੀ ਬਹੁਤ ਹੀ ਸਮਰਪਿਤ ਜਨ ਸੇਵਕ ਹਨ ਅਤੇ ਉਨ੍ਹਾਂ ਵਿਚ ਅਮਰੀਕੀ ਲੋਕਾਂ ਨੂੰ ਇਕਜੁੱਟ ਰੱਖਣ ਦੀ ਸਮਰੱਥਾ ਹੈ। ਬਾਇਡੇਨ (77) ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਮੰਨੇ ਜਾ ਰਹੇ ਹਨ। ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਜਯਪਾਲ ਕੁਝ ਸਮੇਂ ਪਹਿਲਾਂ ਤੱਕ ਪਾਰਟੀ ਦੇ ਸੀਨੀਅਰ ਨੇਤਾ ਸੈਨੇਟ ਦੇ ਮੈਂਬਰ ਬਰਨੀ ਸੈਂਡ੍ਰਸ ਦੀ ਸਮਰਥਕ ਰਹੀ ਹੈ ਪਰ ਸੈਂਡ੍ਰਸ ਹੁਣ ਸਾਬਕਾ ਉਪ ਰਾਸ਼ਟਰਪਤੀ ਦੇ ਪੱਖ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿਛੇ ਹੱਟ ਗਏ ਹਨ।

ਜਯਪਾਲ ਨੇ ਇਕ ਬਿਆਨ ਵਿਚ ਆਖਿਆ ਕਿ ਅੱਜ ਮੈਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡੇਨ ਦੇ ਹੱਕ ਵਿਚ ਆਪਣਾ ਸਮਰਥਨ ਦਾ ਐਲਾਨ ਕਰ ਰਹੀ ਹਾਂ। ਸਾਬਕਾ ਉਪ ਰਾਸ਼ਟਰਪਤੀ ਬਾਇਡੇਨ ਬਹੁਤ ਹੀ ਸਮਰਪਿਤ ਜਨ ਸੇਵਕ ਹਨ ਅਤੇ ਉਨ੍ਹਾਂ ਵਿਚ ਅਮਰੀਕੀ ਲੋਕਾਂ ਨੂੰ ਇਕਜੁੱਟ ਰੱਖਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ, ਮੈਂ ਬਰਨੀ ਸੈਂਡ੍ਰਸ ਦੇ ਕੱਟੜ ਅਤੇ ਮੁੱਖ ਪ੍ਰਤੀਨਿਧੀ ਦੇ ਰੂਪ ਵਿਚ ਆਪਣਾ ਇਹ ਅਭਿਆਨ ਸ਼ੁਰੂ ਕੀਤਾ ਅਤੇ ਮੈਂ ਕਈ ਨੀਤੀਗਤ ਮਾਮਲਿਆਂ 'ਤੇ ਉਪ ਰਾਸ਼ਟਰਪਤੀ ਬਾਇਡੇਨ ਤੋਂ ਹਮੇਸ਼ਾ ਸਹਿਮਤ ਨਹੀਂ ਰਹੀ ਪਰ ਮੈਂ ਇਤਿਹਾਸ ਵਿਚ ਕਿਸੇ ਵੀ ਉਮੀਦਵਾਰ ਦੇ ਤਰਕਸ਼ੀਲ ਏਜੰਡੇ ਨੂੰ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਲਈ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਤਿਆਰ ਹਾਂ। ਜਯਪਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੱਟੜ ਆਲੋਚਕ ਹੈ। ਸੰਸਦ ਮੈਂਬਰ ਡਾ. ਆਮੀ ਬੇਰਾ ਬਾਇਡੇਨ ਦੇ ਨਾਂ 'ਤੇ ਪ੍ਰਾਇਮਰੀ ਚੋਣਾਂ ਦੌਰਾਨ ਮੋਹਰ ਲਗਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਹਨ। ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਵੀ ਬਾਇਡੇਨ ਦੇ ਪ੍ਰਤੀ ਆਪਣਾ ਸਮਰਥਨ ਵਿਅਕਤ ਕਰ ਚੁੱਕੀ ਹੈ।

Khushdeep Jassi

This news is Content Editor Khushdeep Jassi