ਭਾਰਤੀ-ਅਮਰੀਕੀ ਵਕੀਲ ਨੇ ਏਸ਼ੀਆਈ ਘਰੇਲੂ ਹਿੰਸਾ 'ਤੇ ਲਿਖੀ ਕਿਤਾਬ

01/09/2019 12:04:36 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ ਅਮਰੀਕੀ ਵਕੀਲ ਅਨੁ ਪੇਸ਼ਾਵਰਿਆ ਨੇ ਅਮਰੀਕਾ 'ਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ 'ਚ ਘਰੇਲੂ ਹਿੰਸਾ ਸਬੰਧੀ ਇਕ ਕਿਤਾਬ ਲਿਖੀ ਹੈ। 'ਨੈਵਰ ਅਗੇਨਜ਼' ਨਾਮਕ ਇਹ ਕਿਤਾਬ ਉਨ੍ਹਾਂ ਨੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋਈਆਂ ਔਰਤਾਂ ਨਾਲ ਗੱਲ ਬਾਤ ਕਰਕੇ ਅਤੇ ਆਪਣੇ ਅਨੁਭਵਾਂ ਦੇ ਆਧਾਰ 'ਤੇ ਲਿਖੀ ਹੈ। ਇਸ ਪੁਸਤਕ ਦੀ ਘੁੰਢ ਚੁਕਾਈ ਸੈਨ ਫਰਾਂਸਿਸਕੋ 'ਚ ਕੀਤੀ ਗਈ। ਇਸ ਤੋਂ ਪਹਿਲਾਂ ਪੇਸ਼ਾਵਰਿਆ ਦੀਆਂ ਦੋ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਦੋਹਾਂ ਪੁਸਤਕਾਂ ''ਇਮੀਗ੍ਰੈਂਟਸ ਡ੍ਰੀਮਜ਼' ਅਤੇ 'ਲਾਈਵਜ਼ ਆਨ ਦਿ ਬ੍ਰਿਕੰਜ' ਨੇ ਅਮਰੀਕਾ 'ਚ ਰਹਿਣ ਵਾਲੇ ਦੱਖਣੀ ਏਸ਼ੀਆਈ ਪਰਿਵਾਰਾਂ 'ਚ ਘਰੇਲੂ ਹਿੰਸਾ ਦੇ ਮੁੱਖ ਕਾਰਨ ਨੂੰ ਖਤਮ ਕਰਨ ਵੱਲ ਸੰਸਦ ਮੈਂਬਰਾਂ ਦਾ ਧਿਆਨ ਖਿੱਚਿਆ ਸੀ। ਪੇਸ਼ਾਵਰਿਆ ਕਹਿੰਦੀ ਹੈ ਕਿ ਅਮਰੀਕਾ 'ਚ ਭਾਰਤੀ ਅਤੇ ਦੱਖਣੀ ਏਸ਼ੀਆਈ ਔਰਤਾਂ 'ਤੇ ਘਰੇਲੂ ਹਿੰਸਾ ਦੇ ਸਬੰਧ 'ਚ ਰਾਸ਼ਟਰੀ ਪੱਧਰ 'ਤੇ ਕੋਈ ਅਧਿਐਨ ਨਹੀਂ ਹੋਇਆ ਹੈ ਪਰ ਕੁਝ ਕਾਰਨ ਹਨ ਜਿਨ੍ਹਾਂ ਨਾਲ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਸਮੱਸਿਆ ਵਧ ਰਹੀ ਹੈ।

ਲੇਖਿਕਾ ਨੇ ਕਿਹਾ,''ਸਬੰਧਾਂ 'ਚ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਨਾਲ ਮੈਂ ਖਾਸ ਗੱਲਬਾਤ ਕਰਕੇ ਇਹ ਫੈਸਲਾ ਕੀਤਾ ਕਿ ਸਾਰੇ ਮਾਮਲਿਆਂ 'ਚ ਔਰਤਾਂ ਆਪਣੇ-ਆਪ ਨੂੰ ਲਾਚਾਰ ਸਮਝਦੀਆਂ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਉੁਨ੍ਹਾਂ ਦਾ ਵਿਆਹ ਅਸਫਲ ਰਿਹਾ ਤਾਂ ਉਨ੍ਹਾਂ ਦੇ ਆਪਣੇ ਦੇਸ਼ ਦਾ ਸਮਾਜ ਕੀ ਸੋਚੇਗਾ? ਵਧੇਰੇ ਕਰਕੇ ਔਰਤਾਂ ਤਾਂ ਕਿਸੇ ਤਰ੍ਹਾਂ ਦੀ ਗੱਲ ਕਰਨ ਤੋਂ ਵੀ ਡਰਦੀਆਂ ਹਨ ਅਤੇ ਉਹ ਕਾਨੂੰਨੀ ਸਹਾਇਤਾ ਵੀ ਨਹੀਂ ਲੈਂਦੀਆਂ। ਸੈਨ ਫਰਾਂਸਿਸਕੋ 'ਚ ਭਾਰਤੀ ਕੌਂਸਲਰ ਸੰਜੈ ਪਾਂਡਾ ਨੇ ਆਪਣੇ ਮੈਸਜ 'ਚ ਕਿਹਾ ਕਿ ਔਰਤਾਂ ਦੀ ਹਾਲਤ 'ਤੇ ਧਿਆਨ ਕੇਂਦਰਿਤ ਕਰਕੇ ਅਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਗੱਲ ਕਰਕੇ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਪੇਸ਼ਾਵਰਿਆ ਨੇ ਸਭ ਦੇ ਸਾਹਮਣੇ ਲਿਆਂਦਾ ਹੈ।