ਰਿਸ਼ਵਤਖੋਰੀ ਦੇ ਦੋਸ਼ ''ਚ ਫਸੇ ਅਮਰੀਕੀ-ਭਾਰਤੀ ਫਾਰਮਿਸਟ ਨੇ ਖੁਦ ਨੂੰ ਦੱਸਿਆ ਬੇਕਸੂਰ

11/18/2017 8:33:29 AM

ਵਾਸ਼ਿੰਗਟਨ— ਅਮਰੀਕੀ ਡਾਕਟਰਾਂ ਨੂੰ ਰਿਸ਼ਵਤ ਦੇ ਕੇ ਦਰਦ ਨਿਵਾਰਕ ਗੋਲੀਆਂ ਦੀ ਵਧ ਡੋਜ਼ ਲਿਖਣ ਲਈ ਮਜਬੂਰ ਕਰਨ ਦੇ ਦੋਸ਼ੀ ਤੇ ਭਾਰਤੀ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਜੌਹਨ ਕਪੂਰ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਅਦਾਲਤ ਨੂੰ ਕਿਹਾ ਹੈ ਕਿ ਜੀ.ਪੀ.ਐੱਸ. ਰਾਹੀਂ ਨਿਗਰਾਨੀ ਰੱਖਣ ਵਾਲਾ ਉਸ ਦਾ ਬਰੈਸਲਟ (ਕੜਾ) ਹਟਾਇਆ ਜਾਵੇ। ਕਪੂਰ ਐਰੀਜ਼ੋਨਾ ਅਧਾਰਿਤ ਡਰੱਗ ਕੰਪਨੀ ਇਨਸਿਸ ਥੈਰੇਪਿਊਟਿਕਸ ਇੰਕ ਦਾ ਬਾਨੀ ਹੈ। ਇਹ ਕੰਪਨੀ ਫੈਂਟਾਨਾਇਲ ਨਾਂ ਦੀ ਸਪਰੇਅ ਬਣਾਉਂਦੀ ਹੈ, ਜੋ ਕੈਂਸਰ ਦੇ ਰੋਗੀਆਂ ਨੂੰ ਬਹੁਤ ਤੇਜ਼ ਦਰਦ ਹੋਣ 'ਤੇ ਹੀ ਦਿੱਤੀ ਜਾਂਦੀ ਹੈ। ਐੱਫ.ਬੀ.ਆਈ. ਨੇ ਕਪੂਰ ਨੂੰ ਪਿਛਲੇ ਮਹੀਨੇ ਉਸ ਦੇ ਘਰ 'ਚੋਂ ਗ੍ਰਿਫ਼ਤਾਰ ਕੀਤਾ ਸੀ। ਬੀਤੇ ਦਿਨ ਅਦਾਲਤ ਵਿੱਚ ਪੇਸ਼ੀ ਮੌਕੇ ਕਪੂਰ ਨੇ ਜੱਜ ਨੂੰ ਗੁਹਾਰ ਲਾਈ ਸੀ ਕਿ ਉਸ ਦਾ ਜੀ.ਪੀ.ਐੱਸ. ਮੋਨੀਟਰਿੰਗ ਬਰੇਸਲੈੱਟ ਕੱਟ ਦਿੱਤਾ ਜਾਵੇ। ਕਪੂਰ ਦੇ ਵਕੀਲ ਨੇ ਅਦਾਲਤ 'ਚ ਕਿਹਾ ਕਿ ਸੈਰ ਕਰਨ ਵਾਲੇ 74 ਸਾਲਾ ਕਪੂਰ ਲਈ ਇਹ ਬਰੈਸਲਟ ਵੱਡਾ ਬੋਝ ਹੈ। ਵਕੀਲ ਨੇ ਬੋਸਟਨ ਦੀ ਸੰਘੀ ਅਦਾਲਤ ਦੇ ਬਾਹਰ ਕਿਹਾ,'ਜੇਕਰ ਉਸ ਨੇ ਭੱਜਣਾ ਹੁੰਦਾ ਤਾਂ ਹੁਣ ਤਕ ਇਹ ਕੰਮ ਕਰ ਚੁੱਕਾ ਹੁੰਦਾ।' ਕਪੂਰ ਨੇ ਸਾਜ਼ਿਸ਼ ਘੜਨ ਸਮੇਤ ਪੰਜ ਹੋਰਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਫਿਲਹਾਲ ਇਸ ਮਾਮਲੇ ਦੀ ਕਾਰਵਾਈ ਚੱਲ ਰਹੀ ਹੈ।