ਭਾਰਤੀ-ਅਮਰੀਕੀ ਡਾਕਟਰ ਨੂੰ ਧੋਖਾਧੜੀ ਦੇ ਮਾਮਲੇ ''ਚ ਹੋਈ ਜੇਲ

07/21/2017 2:55:28 PM

ਵਾਸ਼ਿੰਗਟਨ— ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਨੂੰ ਆਪਣੀ ਕੰਪਨੀ ਦੇ ਸਾਬਕਾ ਸ਼ੇਅਰ ਧਾਰਕਾਂ ਨਾਲ 4.9 ਕਰੋੜ ਡਾਲਰ (ਲਗਭਗ 3.15 ਅਰਬ ਰੁਪਏ) ਦੇ ਧੋਖਾਧੜੀ ਦੇ ਮਾਮਲੇ ਵਿਚ 10 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮੈਰੀਲੈਂਡ ਅਤੇ ਵਰਜੀਨੀਆ ਵਿਚ ਲਾਇਸੈਂਸ ਪ੍ਰਾਪਤ ਅੱਖਾਂ ਦੇ ਡਾਕਟਰ ਸ਼੍ਰੀਧਰ ਪੋਤਾਰਾਜੂ ਨੇ ਕੰਪਨੀ ਵਿਚ ਪੂੰਜੀ ਨਿਵੇਸ਼ ਦੇ ਰੂਪ ਵਿਚ 4.9 ਕਰੋੜ ਡਾਲਰ ਤੋਂ ਵਧ ਦੀ ਰਕਮ ਹਾਸਲ ਕਰਨ ਲਈ 'ਵਿਟਲ ਸਪ੍ਰਿੰਗ' ਦੇ ਸ਼ੇਅਰ ਧਾਰਕਾਂ ਨੂੰ ਗਲਤ ਜਾਣਕਾਰੀ ਉਪਲੱਬਧ ਕਰਵਾਈ ਸੀ। ਨਿਆਂ ਵਿਭਾਗ ਨੇ ਦੋਸ਼ ਲਾਇਆ ਹੈ ਕਿ 51 ਸਾਲਾ ਪੋਤਾਰਾਜੂ ਨੇ ਕਈ ਮੌਕਿਆਂ ਵਿਟਲ ਸਪ੍ਰਿੰਗ ਨੂੰ ਵਿੱਤੀ ਰੂਪ ਨਾਲ ਇਕ ਸਫਲ ਕੰਪਨੀ ਦੱਸਿਆ ਸੀ ਅਤੇ ਕਿਹਾ ਸੀ ਕਿ ਛੇਤੀ ਹੀ ਕੰਪਨੀ ਦੀ ਵਿਕਰੀ ਹੋਣ ਵਾਲੀ ਹੈ, ਜਿਸ ਤੋਂ ਸ਼ੇਅਰ ਧਾਰਕਾਂ ਨੂੰ ਲਾਭ ਮਿਲੇਗਾ।
ਇਸ ਭਾਰਤੀ-ਅਮਰੀਕੀ ਡਾਕਟਰ ਨੇ ਇਹ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਸ਼ੇਅਰ ਧਾਰਕਾਂ ਤੋਂ ਇਹ ਵੀ ਗੱਲ ਲੁਕਾਈ ਸੀ ਕਿ ਵਿਟਲ ਸਪ੍ਰਿੰਗ ਇੰਟਰਨਲ ਰੈਵੇਨਿਊ ਸਰਵਿਸ ਨੂੰ 75 ਲੱਖ ਡਾਲਰ ਤੋਂ ਵਧ ਦਾ ਰੋਜ਼ਗਾਰ ਟੈਕਸ ਭੁਗਤਾਨ ਕਰਨ 'ਚ ਵੀ ਨਾਕਾਮ ਰਿਹਾ ਸੀ। ਇੱਥੇ ਦੱਸ ਦੇਈਏ ਕਿ ਕੈਨੇਡੀ ਸੈਂਟਰ ਵਿਚ ਭਾਰਤੀ ਸ਼ਾਸਤਰੀ ਸੰਗੀਤ ਅਤੇ ਡਾਂਸ ਦੇ ਸਲਾਨਾ ਪ੍ਰੋਗਰਾਮ ਦੇ ਆਯੋਜਨ ਨੂੰ ਲੈ ਕੇ ਪੋਤਾਰਾਜੂ ਭਾਰਤੀ-ਅਮਰੀਕੀ ਭਾਈਚਾਰੇ ਦਰਮਿਆਨ ਕਾਫੀ ਲੋਕਪ੍ਰਿਅ ਹਨ। ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਦੀਆਂ ਚੋਣਾਂ ਦੌਰਾਨ ਪੋਤਾਰਾਜੂ ਡੈਮੋਕ੍ਰੇਟਿਕ ਪਾਰਟੀ ਲਈ ਧਨ ਇਕੱਠਾ ਕਰਨ ਵਾਲੇ ਮੁੱਖ ਵਿਅਕਤੀ ਰਹੇ ਹਨ। ਕਾਰਜਕਾਰੀ ਉੱਪ ਸਹਾਇਕ ਅਟਾਰਨੀ ਜਨਰਲ ਗੋਲਡਬਰਗ ਨੇ ਕਿਹਾ ਕਿ ਪੋਤਾਰਾਜੂ ਦੀ ਦੋਸ਼ ਸਿੱਧੀ ਅਤੇ ਇਸ ਮਾਮਲੇ ਦੀ ਸੁਣਵਾਈ ਨਾਲ ਹੀ ਉਨ੍ਹਾਂ ਦੀ ਧੋਖਾਧੜੀ ਦਾ ਪਤਾ ਲੱਗਾ ਹੈ ਅਤੇ ਇਸ ਕੰਮ ਲਈ ਅੱਜ ਉਨ੍ਹਾਂ ਨੂੰ 119 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।