ਮੋਦੀ ਦੀ ਯਾਤਰਾ ਨਾਲ UAE ਖੁਸ਼, ਹੋਏ 5 ਅਹਿਮ ਸਮਝੌਤੇ

02/11/2018 3:46:28 PM

ਆਬੂਧਾਬੀ— ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸ਼ਨੀਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚੇ, ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਅਤੇ ਯੂ. ਏ. ਈ. ਆਰਮਡ ਫੋਰਸ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਨੇ ਉਨ੍ਹਾਂ ਨੂੰ ਰਸੀਵ ਕੀਤਾ। ਮੋਦੀ ਦੇ ਦੌਰੇ ਤੋਂ ਯੂ. ਏ. ਈ. ਦੇ ਕ੍ਰਾਊਨ ਪ੍ਰਿੰਸ ਕਾਫੀ ਖੁਸ਼ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਵਿਚਕਾਰ ਮੁਲਕਾਤ ਦੌਰਾਨ ਅਹਿਮ ਸਮਝੌਤਿਆਂ 'ਤੇ ਦਸਤਖਤ ਹੋਏ। ਇਨ੍ਹਾਂ 'ਚ ਕਿਰਤ ਬਲ, ਊਰਜਾ ਖੇਤਰ, ਰੇਲਵੇ ਅਤੇ ਵਿੱਤੀ ਸੇਵਾਵਾਂ ਨਾਲ ਜੁੜੇ ਸਮਝੌਤੇ ਸ਼ਾਮਲ ਹਨ। ਇਨ੍ਹਾਂ 'ਚ ਭਾਰਤੀ ਤੇਲ ਕੰਪਨੀਆਂ ਦੇ ਇਕ ਸੰਘ ਦਾ ਆਬੂਧਾਬੀ ਦੀ ਤੇਲ ਕੰਪਨੀ ਨਾਲ ਹੋਇਆ ਇਤਿਹਾਸਕ ਸਮਝੌਤਾ ਵੀ ਸ਼ਾਮਲ ਹੈ।

ਭਾਰਤ-ਯੂ. ਏ. ਈ. ਵਿਚਕਾਰ ਹੋਏ 5 ਸਮਝੌਤੇ
1.
ਭਾਰਤੀ ਤੇਲ ਕੰਪਨੀਆਂ ਦੇ ਸੰਘ (ਓ. ਵੀ. ਐੱਲ., ਬੀ. ਪੀ. ਆਰ. ਐੱਲ. ਅਤੇ ਆਈ. ਓ. ਸੀ. ਐੱਲ.) ਅਤੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ (ਏ. ਡੀ. ਐੱਨ. ਓ. ਸੀ.) ਵਿਚਕਾਰ ਇਕ ਅਹਿਮ ਸਮਝੌਤੇ 'ਤੇ ਦਸਤਖਤ ਹੋਏ ਹਨ। ਇਹ ਸਮਝੌਤਾ 40 ਸਾਲ ਲਈ ਕੀਤਾ ਗਿਆ ਹੈ, ਜੋ ਕਿ 2018 ਤੋਂ 2057 ਤਕ ਰਹੇਗਾ। ਇਸ ਤਹਿਤ ਓ. ਐੱਨ. ਜੀ. ਸੀ. ਦੀ ਮਾਲਕੀ ਵਾਲੀ ਵਿਦੇਸ਼ੀ ਕੰਪਨੀ ਓ. ਵੀ. ਐੱਲ., ਇੰਡੀਅਨ ਆਇਲ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਦੀ ਯੂਨਿਟ ਬੀ. ਪੀ. ਆਰ. ਐੱਲ. ਨੇ ਆਬੂਧਾਬੀ ਦੇ ਵੱਡੇ ਤੇਲ ਖੇਤਰ 'ਲੋਅਰ ਜ਼ੈਕੁਮ' 'ਚ 10 ਫੀਸਦੀ ਹਿੱਸੇਦਾਰੀ ਰੱਖਣ ਦਾ ਸਮਝੌਤਾ ਕੀਤਾ ਹੈ। ਇਹ ਯੂ. ਏ. ਈ. ਦੇ ਤੇਲ ਖੇਤਰ 'ਚ ਪਹਿਲਾ ਭਾਰਤੀ ਨਿਵੇਸ਼ ਹੈ। ਸਮਝੌਤੇ ਮੁਤਾਬਕ ਇਸ ਤੇਲ ਖੇਤਰ ਦੀ 60 ਫੀਸਦੀ ਹਿੱਸੇਦਾਰੀ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਕੋਲ ਰਹੇਗੀ ਅਤੇ ਬਾਕੀ 30 ਫੀਸਦੀ ਹੋਰ ਕੌਮਾਂਤਰੀ ਤੇਲ ਕੰਪਨੀਆਂ ਨੂੰ ਦਿੱਤੀ ਜਾਵੇਗੀ।
2. ਕਿਰਤ ਬਲ ਦੇ ਖੇਤਰ 'ਚ ਸਹਿਯੋਗ ਲਈ, ਭਾਰਤ ਅਤੇ ਯੂ. ਏ. ਈ. ਨੇ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ। ਸਮਝੌਤੇ ਤਹਿਤ ਦੋਵੇਂ ਪੱਖ ਆਪਣੇ ਕਿਰਤ ਸੰਬੰਧਤ ਈ-ਪਲੇਟਫਾਰਮ ਨੂੰ ਜੋੜਨ ਲਈ ਕੰਮ ਕਰਨਗੇ, ਤਾਂ ਕਿ ਠੇਕੇ 'ਤੇ ਕੰਮ ਕਰਨ ਵਾਲੇ ਕਾਮਿਆਂ ਵਿਚਕਾਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
3. ਰੇਲਵੇ ਖੇਤਰ 'ਚ ਤਕਨੀਕੀ ਸਹਿਯੋਗ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ ਗਏ ਹਨ। ਇਹ ਭਾਰਤੀ ਰੇਲ ਮੰਤਾਰਲੇ ਤੇ ਫੈਡਰਲ ਟਰਾਂਸਪੋਰਟ ਅਥਾਰਟੀ- ਲੈਂਡ ਐਂਡ ਮੈਰੀਟਾਈਮ ਯੂ. ਏ. ਈ. ਵਿਚਕਾਰ ਹੋਇਆ ਹੈ। ਇਸ ਦਾ ਮਕਸਦ ਬੁਨਿਆਦੀ ਖੇਤਰ ਖਾਸ ਕਰਕੇ ਰੇਲਵੇ 'ਚ ਆਪਸੀ ਸਹਿਯੋਗ ਨੂੰ ਵਧਾਉਣਾ ਹੈ। ਇਸ ਤਹਿਤ ਦੋਵੇਂ ਦੇਸ਼ ਤਕਨੀਕ ਸਾਂਝੀ ਕਰਨ ਅਤੇ ਪ੍ਰਾਜੈਕਟਾਂ 'ਚ ਇਕ-ਦੂਜੇ ਦਾ ਸਹਿਯੋਗ ਕਰਨਗੇ।
4. ਵਿੱਤੀ ਖੇਤਰ 'ਚ ਦੋ-ਪੱਖੀ ਸਹਿਯੋਗ ਲਈ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਅਤੇ ਆਬੂਧਾਬੀ ਸਕਿਓਰਿਟੀ ਐਕਸਚੇਂਜ (ਏ. ਡੀ. ਐਕਸ.) ਵਿਚਕਾਰ ਸਮਝੌਤੇ 'ਤੇ ਦਸਤਖਤ ਹੋਏ ਹਨ। ਇਸ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਵਿੱਤੀ ਸੇਵਾਵਾਂ ਦੇ ਖੇਤਰ 'ਚ ਸਹਿਯੋਗ ਨੂੰ ਵਧਾਉਣਾ ਹੈ। ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੇ ਨਿਵੇਸ਼ਕ ਵਿੱਤੀ ਬਾਜ਼ਾਰਾਂ 'ਚ ਨਿਵੇਸ਼ ਕਰ ਸਕਣਗੇ।
5. ਜੰਮੂ-ਕਸ਼ਮੀਰ ਸਰਕਾਰ ਅਤੇ ਡੀ. ਪੀ. ਵਰਲਡ ਵਿਚਕਾਰ ਵੀ ਇਕ ਸਮਝੌਤਾ ਹੋਇਆ ਹੈ। ਇਸ ਤਹਿਤ ਜੰਮੂ 'ਚ ਮਲਟੀ ਮਾਡਲ ਲਾਜੀਸਟਿਕ ਪਾਰਕ ਅਤੇ ਸਟੋਰਜ ਹੱਬ ਬਣਾਏ ਜਾਣਗੇ।