ਮਿਆਂਮਾਰ ਦੌਰੇ ''ਤੇ ਗਏ ਪੀ. ਐੱਮ. ਮੋਦੀ ਨੇ ਨਾਗਰਿਕਾਂ ਨੂੰ ਦਿੱਤਾ ਵੱਡਾ ਤੋਹਫਾ
Wednesday, Sep 06, 2017 - 04:58 PM (IST)

ਨੇਪੀਤਾਉ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਆਂਮਾਰ ਦੀ ਯਾਤਰਾ 'ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਭਾਰਤ ਆਉਣ ਦੇ ਇੱਛੁਕ ਮਿਆਂਮਾਰ ਦੇ ਨਾਗਰਿਕਾਂ ਨੂੰ ਗ੍ਰੈਟਿਸ (ਮੁਫ਼ਤ ਵੀਜ਼ਾ) ਦਿੱਤਾ ਜਾਵੇਗਾ। ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਸਾਂਝੇ ਬਿਆਨ 'ਚ ਮੋਦੀ ਨੇ ਇਹ ਐਲਾਨ ਕੀਤਾ। ਮੋਦੀ ਨੇ ਕਿਹਾ, ''ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਭਾਰਤ ਆਉਣ ਦੇ ਇੱਛੁਕ ਮਿਆਂਮਾਰ ਦੇ ਨਾਗਰਿਕਾਂ ਨੂੰ ਮੁਫ਼ਤ ਵੀਜ਼ਾ ਦੇਣ ਦਾ ਫੈਸਲਾ ਲਿਆ ਹੈ।'' ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਨੇ ਮਿਆਂਮਾਰ ਦੇ 40 ਨਾਗਰਿਕਾਂ ਨੂੰ ਛੱਡਣ ਦਾ ਫੈਸਲਾ ਲਿਆ ਹੈ, ਜੋ ਕਿ ਇਸ ਸਮੇਂ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਉਹ ਛੇਤੀ ਹੀ ਮਿਆਂਮਾਰ ਵਿਚ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਮਿਆਂਮਾਰ ਅੱਜ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਭਾਰਤ ਉਸ ਦੇ ਨਾਲ ਖੜ੍ਹਾ ਹੈ। ਦੱਸਣ ਯੋਗ ਹੈ ਕਿ ਮਿਆਂਮਾਰ 'ਚ ਰੋਹਿੰਗਿਆ ਮੁਸਲਮਾਨ ਨਾਲ ਹੋ ਰਹੀ ਹਿੰਸਾ ਵੱਡੀ ਮੁਸ਼ਕਲ ਬਣੀ ਹੋਈ ਹੈ। ਵੱਡੀ ਗਿਣਤੀ 'ਚ ਇਹ ਲੋਕ ਪਲਾਇਨ ਕਰ ਚੁੱਕੇ ਹਨ। ਮੋਦੀ ਦੇ ਮਿਆਂਮਾਰ ਦੌਰੇ ਨਾਲ ਹੀ ਇਸ ਮੁੱਦੇ ਦੇ ਹੱਲ ਲਈ ਕੋਈ ਉਮੀਦ ਬਣਦੀ ਨਜ਼ਰ ਆ ਰਹੀ ਹੈ।
ਮੋਦੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਆਪਸੀ ਲਾਭ ਲਈ ਮਜ਼ਬੂਤ ਅਤੇ ਨੇੜਲੀ ਸਾਂਝੇਦਾਰੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ। ਇਸ ਤੋਂ ਪਹਿਲਾਂ ਵਫਦ ਪੱਧਰੀ ਗੱਲਬਾਤ 'ਚ ਮੋਦੀ ਨੇ ਕਿਹਾ ਸੀ ਕਿ ਅਸੀਂ 'ਸਾਰਿਆ ਦਾ ਸਾਥ, ਸਾਰਿਆਂ ਦਾ ਵਿਕਾਸ' ਪਹਿਲ ਤਹਿਤ ਮਿਆਂਮਾਰ ਦੇ ਵਿਕਾਸ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਦੇਣਾ ਚਾਹੁੰਦੇ ਹਾਂ।