UAE ''ਚ ਮਨਾਇਆ ਗਿਆ 71ਵਾਂ ਗਣਤੰਤਰ ਦਿਵਸ, ਰਾਸ਼ਟਰਪਤੀ ਨੇ ਦਿੱਤੀ ਵਧਾਈ

01/26/2020 11:55:23 AM

ਆਬੂ ਧਾਬੀ—  ਯੁਨਾਈਟਡ ਅਰਬ ਅਮੀਰਾਤ (ਯੂ. ਏ. ਈ.) 'ਚ ਭਾਰਤੀ ਮਿਸ਼ਨ ਵਲੋਂ 71ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਆਬੂ ਧਾਬੀ ਅੰਬੈਸੀ 'ਚ ਭਾਰਤੀ ਅੰਬੈਸਡਰ ਪਵਨ ਕਪੂਰ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਦੁਬਈ ਕੌਂਸਲੇਟ 'ਚ ਭਾਰਤੀ ਕੌਂਸਲ ਜਨਰਲ ਵਿਪਿਨ ਨੇ ਵੀ ਤਿਰੰਗਾ ਲਹਿਰਾਇਆ ਤੇ ਸਭ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਯੂ. ਏ. ਈ. ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਿਆਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਸੈਂਕੜੇ ਭਾਰਤੀ ਰਿਵਾਇਤੀ ਪਹਿਰਾਵੇ 'ਚ ਨਜ਼ਰ ਆਏ। ਤਿਰੰਗਾ ਲਹਿਰਾਉਣ ਮਗਰੋਂ ਨੈਸ਼ਨਲ ਐਂਥਮ ਗਾਇਆ ਗਿਆ। ਇਸ ਮੌਕੇ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਗਏ। ਯੂ. ਏ. ਈ. ਦੇ ਭਾਰਤੀ ਸਕੂਲਾਂ 'ਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਜਿੱਥੇ ਬੱਚੇ ਦੇਸ਼ ਪ੍ਰੇਮ ਦੇ ਗੀਤ ਅਤੇ ਕਲਾਸੀਕਲ ਡਾਂਸ ਰਾਹੀਂ ਭਾਰਤ ਪ੍ਰੇਮ ਦੀ ਝਲਕ ਦਿਖਾ ਰਹੇ ਹਨ। ਸਥਾਨਕ ਮੀਡੀਆ ਮੁਤਾਬਕ 3 ਘੰਟਿਆਂ ਦੇ ਪ੍ਰੋਗਰਾਮ ਦੌਰਾਨ 300 ਭਾਰਤੀ ਪ੍ਰਵਾਸੀਆਂ ਨੇ ਉਤਸ਼ਾਹ ਨਾਲ ਗਣਤੰਤਰ ਦਿਵਸ ਮਨਾਇਆ।