ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਵਿਚਾਰ ਕਰ ਰਿਹੈ ਭਾਰਤ : ਅਮਰੀਕੀ ਅਧਿਕਾਰੀ

05/24/2017 3:24:41 PM

ਵਾਸ਼ਿੰਗਟਨ— ਭਾਰਤ ਕੂਟਨੀਤਿਕ ਤੌਰ 'ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਦਿਸ਼ਾ ਵੱਲ ਵਧਣ ਦੇ ਨਾਲ ਹੀ ਸਰਹੱਦ ਪਾਰ ਤੋਂ ਜਾਰੀ ਅੱਤਵਾਦ ਨੂੰ ਉਸ ਦੇ ਕਥਿਤ ਸਮਰਥਨ ਨੂੰ ਲੈ ਕੇ ਗੁਆਂਢੀ ਦੇਸ਼ ਖਿਲਾਫ ਬਦਲੇ ਦੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਅਤੇ ਰੱਖਿਆ ਖੁਫ਼ੀਆ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਵਿੰਸੇਂਟ ਸਟੀਵਾਰਟ ਨੇ ਸੈਨੇਟ ਦੀ ਸ਼ਕਤੀਸ਼ਾਲੀ ਹਥਿਆਰਬੰਦ ਕਮੇਟੀ ਨੂੰ ਵਿਸ਼ਵ ਵਿਆਪੀ ਖਤਰਿਆਂ 'ਤੇ ਹੋਈ ਸੁਣਵਾਈ ਦੌਰਾਨ ਦੱਸਿਆ, ''ਭਾਰਤ, ਪਾਕਿਸਤਾਨ ਨੂੰ ਕੂਟਨੀਤਿਕ ਰੂਪ 'ਤੋਂ ਅਲੱਗ-ਥਲੱਗ ਕਰਨ ਦੀ ਦਿਸ਼ਾ 'ਚ ਕਦਮ ਚੱਕ ਰਿਹਾ ਹੈ ਅਤੇ ਨਾਲ ਹੀ ਉਹ ਸਰਹੱਦ ਪਾਰ ਤੋਂ ਜਾਰੀ ਅੱਤਵਾਦ ਦੇ ਕਥਿਤ ਸਮਰਥਨ ਨੂੰ ਲੈ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਬਦਲਾਂ 'ਤੇ ਵੀ ਵਿਚਾਰ ਕਰ ਰਿਹਾ ਹੈ।'' ਸਟੀਵਰਟ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਹੀ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨੀ ਠਿਕਾਣਿਆਂ 'ਤੇ 'ਦੰਡਾਤਮਕ ਫੌਜੀ ਹਮਲਾ' ਕੀਤਾ ਸੀ, ਜਿਸ ਨਾਲ ਪਾਕਿਸਤਾਨ ਨੂੰ ਕਾਫੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਹਿੰਦ ਮਹਾਸਾਗਰ ਖੇਤਰ 'ਚ ਆਪਣੇ ਹਿੱਤਾਂ ਦੀ ਰੱਖਿਆ ਕਰਨ ਲਈ ਖੁਦ ਨੂੰ ਬਿਹਤਰ ਸਥਿਤੀ 'ਚ ਰੱਖਣ ਲਈ ਆਪਣੀ ਫੌਜ ਦਾ ਆਧੁਨਿਕੀਕਰਨ ਕਰਨ 'ਚ ਲੱਗਿਆ ਹੋਇਆ ਹੈ ਅਤੇ ਨਾਲ ਹੀ ਉਹ ਏਸ਼ੀਆ 'ਚ ਆਪਣੀ ਕੂਟਨੀਤਿਕ ਅਤੇ ਆਰਥਿਕ ਪਹੁੰਚ ਨੂੰ ਵੀ ਮਜ਼ਬੂਤ ਬਣਾ ਰਿਹਾ ਹੈ। ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਭਾਰਤ 'ਚ ਕਈ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਦੋ-ਪੱਖੀ ਸੰਬੰਧ ਵਿਗੜੇ ਹਨ। ਉਨ੍ਹਾਂ ਨੇ ਕਿਹਾ, ''ਸਾਲ 2016 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਭਾਰੀ ਗੋਲੀਬਾਰੀ ਹੋਈ ਸੀ ਅਤੇ ਦੋਵੇਂ ਪੱਖਾਂ 'ਚ ਤਣਾਅ ਵਿਚਕਾਰ ਇਕ ਦੂਜੇ ਦੇ  ਡਿਪਲੋਮੈਟਾਂ ਨੂੰ ਮੁਅੱਤਲ ਕਰ ਦਿੱਤਾ ਸੀ।