ਬੋਲੀਵੀਆ ਨੂੰ 10 ਕਰੋੜ ਡਾਲਰ ਦਾ ਕਰਜ਼ਾ ਦੇ ਸਕਦੈ ਭਾਰਤ

03/30/2019 2:47:34 PM

ਬੋਲੀਵੀਆ, (ਏਜੰਸੀ)— ਭਾਰਤ ਨੇ ਬੋਲੀਵੀਆ ਨੂੰ ਵਿਕਾਸ ਯੋਜਨਾਵਾਂ ਲਈ 10 ਕਰੋੜ ਡਾਲਰ ਦੀ ਕਰਜ਼ਾ ਸੁਵਿਧਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਬੋਲੀਵੀਆ ਦੇ ਰਾਸ਼ਟਰਪਤੀ ਏਵੋ ਮੋਰਾਲੇਸ ਨਾਲ ਗੱਲਬਾਤ ਹੋਣ ਦੇ ਬਾਅਦ ਇਸ ਕਰਜ਼ ਦੀ ਪੇਸ਼ਕਸ਼ ਕੀਤੀ ਗਈ। ਰਾਸ਼ਟਰਪਤੀ 3 ਦਿਨਾਂ ਦੀ ਯਾਤਰਾ 'ਤੇ ਬੋਲੀਵੀਆ ਗਏ ਹੋਏ ਹਨ। ਇਸ ਲਾਤੀਨੀ ਅਮਰੀਕੀ ਦੇਸ਼ ਦੇ ਨਾਲ ਡਿਪਲੋਮੈਟਿਕ ਸਬੰਧ ਸਥਾਪਤ ਹੋਣ ਦੇ ਬਾਅਦ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ। ਰਾਸ਼ਟਰਪਤੀ ਕੋਵਿੰਦ ਨੇ ਬੋਲੀਵੀਆ ਦੇ ਰਾਸ਼ਟਰਪਤੀ ਮੋਰਾਲੇਸ ਨਾਲ ਅਰਥ-ਵਿਵਸਥਾ, ਪੁਲਾੜ ਅਤੇ ਸੂਚਨਾ ਉਦਯੋਗਿਕ ਵਰਗੇ ਦੋ-ਪੱਖੀ  ਮੁੱਦਿਆਂ 'ਤੇ ਗੱਲਬਾਤ ਕੀਤੀ।
ਦੋਹਾਂ ਨੇਤਾਵਾਂ ਨੇ ਡਿਪਲੋਮੈਟਿਕ ਅਤੇ ਆਰਥਿਕ ਗਤੀਵਿਧੀਆਂ ਮਜ਼ਬੂਤ ਕਰਨ ਦੀ ਗੱਲ ਦੋਹਰਾਈ। ਅਧਿਕਾਰਕ ਬਿਆਨ ਮੁਤਾਬਕ ਭਾਰਤ ਨੇ ਬੋਲੀਵੀਆ ਨੂੰ 10 ਕਰੋੜ ਡਾਲਰ ਦੇ ਕਰਜ਼ ਦੀ ਸੁਵਿਧਾ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ। 
ਕੋਵਿੰਦ ਨੇ ਇਕ ਬਿਆਨ 'ਚ ਕਿਹਾ,''ਬੋਲੀਵੀਆ ਦੇ ਕੌਮਾਂਤਰੀ ਸੌਰ ਗਠਜੋੜ 'ਚ ਭਾਗੀਦਾਰ ਦੇ ਤੌਰ 'ਤੇ ਸ਼ਾਮਲ ਹੋਣ ਨਾਲ ਅਸੀਂ ਖੁਸ਼ ਹਾਂ ਅਤੇ ਉਨ੍ਹਾਂ ਸਮਝੌਤੇ 'ਤੇ ਦਸਤਖਤ ਕੀਤੇ। ਬਿਆਨ ਮੁਤਾਬਕ,''ਦੋਵੇਂ ਦੇਸ਼ਾਂ ਨੇ ਜੜ੍ਹੀਆਂ-ਬੂਟੀਆਂ ਅਤੇ ਸਿਹਤ ਦੇਖਭਾਲ, ਵਾਹਨ ਅਤੇ ਇੰਜਨੀਅਰਿੰਗ, ਮਸ਼ੀਨਰੀ, ਕੱਪੜਾ ਅਤੇ ਧਾਤੂ ਅਤੇ ਖਣਿਜ ਦੇ ਖੇਤਰ 'ਚ ਵਪਾਰਕ ਸਬੰਧਾਂ ਨੂੰ ਵਧਾਉਣ ਦੀ ਸਹਿਮਤੀ ਪ੍ਰਗਟ ਕੀਤੀ।'' ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੀ ਆਪਣੀ ਆਰਥਿਕ ਮਜ਼ਬੂਤੀ ਹੈ। ਰਾਸ਼ਟਰਪਤੀ ਨਾਲ 30 ਭਾਰਤੀ ਕੰਪਨੀਆਂ ਦੇ ਮੁਖੀ ਵੀ ਗਏ ਹਨ।