ਭਾਰਤ ਨੇ ਪਾਕਿ ਨਾਲ ਰਿਸ਼ਤੇ ਸੁਧਾਰਨ ਦਾ ਗਵਾਇਆ ਮੌਕਾ : ਦਸਤਗੀਰ ਖਾਨ

02/15/2018 4:50:13 PM

ਇਸਲਾਮਾਬਾਦ (ਭਾਸ਼ਾ)—  ਪਾਕਿਸਤਾਨ ਦੇ ਰੱਖਿਆ ਮੰਤਰੀ ਖੁੱਰਮ ਦਸਤਗੀਰ ਖਾਨ ਦਾ ਕਹਿਣਾ ਹੈ ਕਿ ਭਾਰਤ ਨੇ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਦਾ ਨਾ ਸਿਰਫ ਇਕਲੌਤਾ ਮੌਕਾ ਗਵਾ ਦਿੱਤਾ ਹੈ ਬਲਕਿ ਆਪਣੇ ''ਦੁਸ਼ਮਣੀ'' ਭਰੇ ਰਵੱਈਏ ਨਾਲ ਸ਼ਾਂਤੀ ਦੀ ਗੁੰਜਾਇਸ਼ ਵੀ ਸੀਮਤ ਕਰ ਦਿੱਤੀ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਖਾਨ ਨੇ ਇਹ ਟਿੱਪਣੀ ਕੱਲ ਪਾਕਿਸਤਾਨੀ ਸੈਨੇਟ ਵਿਚ ਇਕ ਨੀਤੀਗਤ ਬਿਆਨ ਦਾ ਐਲਾਨ ਕਰਦੇ ਹੋਏ ਕੀਤੀ ਸੀ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ,''ਮੌਜੂਦਾ ਭਾਰਤ ਸਰਕਾਰ ਦੇ ਲਗਾਤਾਰ ਦੁਸ਼ਮਣੀ ਭਰੇ ਅਤੇ ਪਾਕਿਸਤਾਨ ਵਿਰੋਧੀ ਰਵੱਈਏ ਨੇ ਸ਼ਾਂਤੀ ਦੀ ਵਕਾਲਤ ਦੀ ਗੁੰਜਾਇਸ਼ ਪੂਰੀ ਤਰ੍ਹਾਂ ਘੱਟ ਕਰ ਦਿੱਤੀ ਹੈ।'' ਖਾਨ ਨੇ ਰੇਖਾਂਕਿਤ ਕੀਤਾ ਕਿ ਭਾਰਤ ਸਰਕਾਰ ਨੇ ਇਕ ਅਜਿਹੇ ਸਮੇਂ ਵਿਚ ਸ਼ਾਂਤੀ ਦਾ ਮੌਕਾ ਗਵਾ ਦਿੱਤਾ ਹੈ, ਜਦੋਂ ਭਾਰਤ ਨਾਲ ਰਿਸ਼ਤੇ ਸੁਧਾਰਨ 'ਤੇ ਪਾਕਿਸਤਾਨ ਅੰਦਰ ਸਿਆਸੀ ਅਸਹਿਮਤੀ ਸੀ।'' ਜੰਮੂ-ਕਸ਼ਮੀਰ ਦੇ ਸੁੰਜਵਾਨ ਵਿਚ ਇਕ ਫੌਜੀ ਕੈਂਪ 'ਤੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ  ਦੇ ਹਮਲੇ ਮਗਰੋਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ। ਖੁੱਰਮ ਦਾ ਇਹ ਬਿਆਨ ਉਸ ਚਿਤਾਵਨੀ ਮਗਰੋਂ ਆਇਆ ਹੈ।