ਆਰਮੇਨੀਆ ਲਈ ਭਾਰਤ ਦੋਸਤ, ਪਾਕਿ ਕੱਟੜ ਦੁਸ਼ਮਣ

04/28/2017 4:10:59 AM

ਯੇਰੇਵਾਨ (ਆਰਮੇਨੀਆ), (ਅਵਿਨਾਸ਼ ਚੋਪੜਾ) — ਆਰਮੇਨੀਆ ਦੇ ਲੋਕ ਭਾਰਤ ਨੂੰ ਆਪਣਾ ਦੋਸਤ ਮੰਨਦੇ ਹਨ ਅਤੇ ਉਸ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੁੰਦੇ ਹਨ ਪਰ ਪਾਕਿਸਤਾਨ ਉਨ੍ਹਾਂ  ਲਈ ਕਿਸੇ ਕੱਟੜ ਦੁਸ਼ਮਣ ਦੇਸ਼ ਤੋਂ ਘੱਟ ਨਹੀਂ। ਇਸ ਦਾ ਕਾਰਨ ਪਾਕਿਸਤਾਨ ਦੇ ਅਜਰਬੇਜਾਨ ਅਤੇ ਤੁਰਕੀ ਨਾਲ ਨੇੜਲੇ ਸੰਬੰਧ ਹਨ। ਅਜਰਬੇਜਾਨ ਅਤੇ ਤੁਰਕੀ ਅਜਿਹੇ ਦੇਸ਼ ਹਨ, ਜਿਨ੍ਹਾਂ ਨਾਲ ਆਰਮੇਨੀਆ ਸਦੀਆਂ ਤੋਂ ਲੜਦਾ ਆ ਰਿਹਾ ਹੈ। ਨਾਲ ਹੀ ਪਾਕਿਸਤਾਨ ਇਕ ਅਜਿਹਾ ਦੇਸ਼ ਹੈ, ਜਿਸਨੇ ਨਾ ਤਾਂ ਇਕ ਦੇਸ਼ ਵਜੋਂ ਆਰਮੇਨੀਆ ਨੂੰ ਅਜੇ ਤੱਕ ਮਾਨਤਾ ਦਿੱਤੀ ਹੈ ਅਤੇ ਨਾ ਹੀ ਉਹ ਉਸ ਦੀ ਹੋਂਦ ਨੂੰ ਮੰਨਦਾ ਹੈ।
ਆਰਮੇਨੀਆ ਅਤੇ ਪਾਕਿਸਤਾਨ ਦਰਮਿਆਨ ਕਿਸੇ ਤਰ੍ਹਾਂ ਦਾ ਡਿਪਲੋਮੈਟਿਕ ਤੇ ਸਿਆਸੀ ਸੰਬੰਧ ਨਹੀਂ ਹੈ।

ਆਰਮੇਨੀਆ ਕਿਸੇ ਪਾਕਿਸਤਾਨੀ ਨੂੰ ਵੀਜ਼ਾ ਵੀ ਨਹੀਂ ਦਿੰਦਾ। ਆਰਮੇਨੀਆ ਦੇ ਲੋਕਾਂ ਨਾਲ ਜਦੋਂ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਚਾਹੀਦਾ ਹੈ ਕਿ ਉਹ ਆਰਮੇਨੀਆ ਦੀ ਹਰ ਸੰਭਵ ਮਦਦ ਕਰੇ ਅਤੇ ਇਥੇ ਵੱਧ ਤੋਂ ਵੱਧ ਨਿਵੇਸ਼ ਕਰੇ ਕਿਉਂਕਿ ਇਥੋਂ ਦੇ ਲੋਕ ਪਾਕਿਸਤਾਨ ਨੂੰ ਆਪਣਾ ਦੁਸ਼ਮਣ ਮੰਨਦੇ ਹਨ। 

ਜਦੋਂ ਇਕ ਈਸਾਈ ਮੱਠ ਨੂੰ ਮੁਸਲਿਮ ਹੁਕਮਰਾਨ ਨੇ ਬਚਾਇਆ
ਆਰਮੇਨੀਆ ਦੀ ਰਾਜਧਾਨੀ ਯੇਰੇਵਾਨ ਤੋਂ 100 ਕਿਲੋਮੀਟਰ ਉੱਤਰ-ਪੂਰਬ ਵਲ ਪਹਾੜੀਆਂ ਨਾਲ ਘਿਰਿਆ ਹਧਟਿਰਸਨ ਈਸਾਈ ਮੱਠ ਮੱਧ ਯੁੱਗ ਦੀ ਵਾਸਤੂ ਕਲਾ ਦੀ ਸ਼ਾਨਦਾਰ ਝਲਕ ਪੇਸ਼ ਕਰਦਾ ਹੈ। ਦਸਵੀਂ ਸਦੀ ਵਿਚ ਬਣਿਆ ਇਹ ਮੱਠ ਸਮੇਂ ਦੇ ਝੱਖੜਾਂ ਅਤੇ ਦੇਖ-ਭਾਲ ਦੀ  ਕਮੀ ਕਾਰਨ ਇਕ ਵਾਰ ਖਤਮ ਹੋਣ ਦੇ ਕੰਢੇ ''ਤੇ  ਪਹੁੰਚ ਗਿਆ ਸੀ ਪਰ ਇਕ ਮੁਸਲਿਮ ਹੁਕਮਰਾਨ ਨੇ ਧਾਰਮਿਕ ਸਦਭਾਵਨਾ  ਦੀ ਮਿਸਾਲ ਪੇਸ਼ ਕਰਦੇ ਹੋਏ ਇਸ ਨੂੰ ਬਚਾ ਲਿਆ।
ਇਸ ਮੱਠ ਨੂੰ ਬਚਾਉਣ ਦਾ ਸਿਹਰਾ ਸ਼ਾਰਜਾਹ ਦੇ ਰਾਜਕੁਮਾਰ ਡਾ. ਸੇਖ ਸੁਲਤਾਨ ਬਿਨ ਮੁਹੰਮਦ ਅਲ ਕਾਸਮੀ ਨੂੰ ਜਾਂਦਾ ਹੈ। ਜਦੋਂ ਉਹ 12 ਸਾਲ ਪਹਿਲਾਂ ਆਰਮੇਨੀਆ ਦੇ ਦੌਰੇ ''ਤੇ ਆਏ ਸਨ ਤਾਂ ਉਨ੍ਹਾਂ ਇਸ ਮੱਠ ਦੇ ਨਵੀਨੀਕਰਨ ਲਈ ਦਿਲ ਖੋਲ੍ਹ ਕੇ ਮਦਦ ਕੀਤੀ ਸੀ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸ਼ੇਖ ਨੇ ਇਸ ਮੱਠ ਨੂੰ  10.7 ਲੱਖ ਡਾਲਰ ਦਾਨ ਕੀਤੇ। 
ਇਨ੍ਹਾਂ ਪੈਸਿਆਂ ਨਾਲ ਮੱਠ ਦਾ ਨਵੀਨੀਕਰਨ ਕੀਤਾ ਗਿਆ। ਇਥੋਂ ਤੱਕ ਪਹੁੰਚਣ ਲਈ ਇਕ ਸੜਕ ਵੀ ਬਣਾਈ ਗਈ। ਇਸ ਮੱਠ ਵਿਚ 3 ਚਰਚ ਬਣੇ ਹੋਏ ਹਨ। ਸਥਾਨਕ ਲੋਕਾਂ ਨਾਲ  ਜਦੋਂ  ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ  ਆਰਮੇਨੀਆ ਦੇ  ਇਤਿਹਾਸ ਵਿਚ ਅਜਿਹੀ ਕੋਈ ਦੂਜੀ ਉਦਾਹਰਣ ਨਹੀਂ ਮਿਲਦੀ ਜਦੋਂ ਕਿਸੇ ਈਸਾਈ ਮੱਠ ਨੂੰ ਇਕ ਮੁਸਲਿਮ ਹੁਕਮਰਾਨ ਨੇ ਬਚਾਇਆ ਹੋਵੇ। ਸ਼ਾਇਦ ਇਹੀ ਕਾਰਨ ਹੈ ਕਿ ਆਰਮੇਨੀਆ ਦੇ ਸੰਯੁਕਤ ਅਰਬ ਅਮੀਰਾਤ ਨਾਲ ਬਹੁਤ ਵਧੀਆ ਸੰਬੰਧ ਹਨ ਅਤੇ ਇਥੇ ਆਉਣ ਲਈ  ਯੂ. ਏ. ਈ. ਦੇ ਲੋਕਾਂ ਨੂੰ    ਵੀਜ਼ਾ ਵੀ ਨਹੀਂ ਲੈਣਾ ਪੈਂਦਾ।

ਮਰਦ ਘੱਟ ਤੇ ਔਰਤਾਂ ਵੱਧ
ਆਰਮੇਨੀਆ ਦੇ ਲੋਕਾਂ ਦਾ ਰਹਿਣ-ਸਹਿਣ ਅਤਿਅੰਤ ਆਧੁਨਿਕ ਸੁੱਖ ਸਹੂਲਤਾਂ ਨਾਲ ਸੰਪੰਨ ਹੈ। ਇਥੋਂ ਦਾ ਭੋਜਨ ਅਤੇ ਪੌਣ-ਪਾਣੀ ਬਹੁਤ ਵਧੀਆ ਹੈ। ਉਂਝ ਇਹ ਦੇਸ਼ ਕਈ ਦਹਾਕਿਆਂ ਤੋਂ ਇਕ ਸਮੱਸਿਆ ਨਾਲ ਜੂਝ ਰਿਹਾ ਹੈ ਜੋ ਲਿੰਗ ਅਨੁਪਾਤ ਨਾਲ ਸੰਬੰਧਤ ਹੈ। ਇਥੇ ਮਰਦਾਂ ਦੀ ਗਿਣਤੀ ਘੱਟ ਅਤੇ ਔਰਤਾਂ ਦੀ     ਵੱਧ ਹੈ। ਇਸਦੇ ਉਲਟ ਭਾਰਤ ਦੇ ਕਈ ਸੂਬਿਆਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੋ ਰਹੀ ਹੈ। ਆਰਮੇਨੀਆ ਵਿਚ ਵਧੇਰੇ ਕੰਮ ਔਰਤਾਂ ਹੀ ਕਰਦੀਆਂ ਹਨ। ਸਰਕਾਰ ਦੇਸ਼ ਵਿਚ ਮਰਦਾਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। 
ਸਾਂਝੇ ਪਰਿਵਾਰ ''ਚ ਭਰੋਸਾ
ਭਾਰਤ ਵਰਗੇ ਦੇਸ਼ ਵਿਚ ਵੀ ਅੱਜ ਦੇ ਸਮਾਜਿਕ ਸੰਦਰਭ ਵਿਚ ਸਾਂਝੇ ਪਰਿਵਾਰ ਤੇਜ਼ ਨਾਲ ਟੁਟਦੇ ਜਾ ਰਹੇ ਹਨ ਅਤੇ ਉਸਦੀ ਥਾਂ ਸਿੰਗਲ ਪਰਿਵਾਰ ਲੈ ਰਹੇ ਹਨ ਪਰ ਆਰਮੇਨੀਆ ਇਕ ਅਜਿਹਾ ਦੇਸ਼ ਹੈ, ਜਿਥੇ ਅਜੇ ਤੱਕ ਵਧੇਰੇ ਲੋਕਾਂ ਦਾ ਸਾਂਝੇ ਪਰਿਵਾਰ ਦੀ ਪ੍ਰਥਾ ਵਿਚ ਭਰੋਸਾ ਹੈ। ਆਰਮੇਨੀਆ ਇਕ ਈਸਾਈ ਦੇਸ਼ ਹੈ। ਇਥੋਂ ਦੇ ਲੋਕ ਮੂਲ ਰੂਪ ਵਿਚ ਈਸਾਈ ਹਨ ਅਤੇ ਇਸੇ ਧਰਮ ਨੂੰ ਮੰਨਦੇ ਹਨ। ਲੋਕਾਂ ਵਿਚ ਧਾਰਮਿਕ ਕੱਟੜਤਾ ਇਸ ਹੱਦ ਤੱਕ ਹੈ ਕਿ ਜੇ ਉਹ ਚਰਚ ਲਈ ਸਵੇਰੇ ਨਿਕਲਦੇ ਹਨ ਤਾਂ ਉਨ੍ਹਾਂ ਦਾ ਸਿਰ ਝੁਕਿਆ ਹੁੰਦਾ ਹੈ। ਉਹ ਪ੍ਰਾਰਥਨਾ ਵਿਚ ਸਮਰਪਿਤ ਭਾਵਨਾ ਨਾਲ ਹਿੱਸਾ ਲੈਂਦੇ ਹਨ। ਚਰਚ ਜਾਂਦੇ ਸਮੇਂ ਲੋਕ ਆਪਣਾ ਮੂੰਹ ਇਧਰ-ਓਧਰ ਨਹੀਂ ਕਰਦੇ। ਆਸ-ਪਾਸ ਦੀਆਂ ਸਰਗਰਮੀਆਂ ਵਲ ਵੀ ਧਿਆਨ ਨਹੀਂ ਦਿੰਦੇ। ਉਨ੍ਹਾਂ ਦਾ ਧਿਆਨ ਸਿਰਫ ਆਤਮਚਿੰਤਨ ਅਤੇ ਪ੍ਰਾਰਥਨਾ ''ਤੇ ਹੀ ਰਹਿੰਦਾ ਹੈ।