ਫਲਸਤੀਨ ਸ਼ਰਣਾਰਥੀਆਂ ਲਈ ਭਾਰਤ ਨੇ ਦਿੱਤਾ 50 ਲੱਖ ਡਾਲਰ ਦਾ ਯੋਗਦਾਨ

08/07/2019 11:34:00 AM

ਫਲਸਤੀਨ— ਭਾਰਤ ਨੇ ਸੰਯੁਕਤ ਰਾਸ਼ਟਰ ਫਲਸਤੀਨ ਸ਼ਰਣਾਰਥੀ ਏਜੰਸੀ ਨੂੰ ਮੰਗਲਵਾਰ ਨੂੰ 50 ਲੱਖ ਡਾਲਰ ਦਾ ਯੋਗਦਾਨ ਦਿੱਤਾ ਅਤੇ ਹੋਰ ਦੇਸ਼ਾਂ ਨਾਲ ਸੰਗਠਨ ਲਈ ਲਗਾਤਾਰ ਵਿੱਤੀ ਮਦਦ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਹੈ। ਫਲਸਤੀਨ 'ਚ ਭਾਰਤ ਦੇ ਪ੍ਰਤੀਨਿਧੀ ਸੁਨੀਲ ਕੁਮਾਰ ਨੇ ਫਲਸਤੀਨੀ ਸ਼ਰਣਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਤੇ ਕਾਰਜ ਏਜੰਸੀ (ਯੂ. ਐੱਨ. ਆਰ. ਡਬਲਿਊ. ਏ.) ਨੂੰ ਇਸ ਰਾਸ਼ੀ ਦਾ ਚੈੱਕ ਇੱਥੇ ਏਜੰਸੀ ਦੇ ਦਫਤਰ ਨੂੰ ਸੌਂਪਿਆ।
ਫਰਵਰੀ 2018 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਲਸਤੀਨ ਦੀ ਯਾਤਰਾ ਦੇ ਬਾਅਦ ਭਾਰਤ ਨੇ ਆਰਥਿਕ ਮਦਦ 12 ਲੱਖ 50 ਹਜ਼ਾਰ ਡਾਲਰ ਤੋਂ ਚਾਰ ਗੁਣਾ ਵਧਾ ਕੇ 50 ਲੱਖ ਡਾਲਰ ਕਰ ਦਿੱਤੀ ਹੈ। ਭਾਰਤ ਨੇ ਆਪਣੇ ਯੋਗਦਾਨ 'ਚ ਵਾਧਾ ਅਜਿਹੇ ਸਮੇਂ ਕੀਤਾ ਹੈ ਜਦ ਏਜੰਸੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। 

ਰਾਮੱਲਾ 'ਚ ਭਾਰਤੀ ਮਿਸ਼ਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਨੇ ਯੂ. ਐੱਨ. ਆਰ. ਡਬਲਿਊ. ਏ. ਲਈ ਰਿਵਾਇਤੀ ਰੂਪ ਨਾਲ ਯੋਗਦਾਨ ਦੇਣ ਵਾਲਿਆਂ ਨੂੰ ਆਪਣਾ ਯੋਗਦਾਨ ਵਧਾਉਣ 'ਤੇ ਵਿਚਾਰ ਕਰਨ ਦੀ ਮਜ਼ਬੂਤ ਅਪੀਲ ਕੀਤੀ ਹੈ। ਭਾਰਤ ਨੇ ਯੋਗਦਾਨ ਨਾ ਦੇਣ ਵਾਲਿਆਂ ਤੋਂ ਵੀ ਫਲਸਤੀਨੀ ਸ਼ਰਣਾਰਥੀਆਂ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਯੂ. ਐੱਨ. ਆਰ. ਡਬਲਿਊ. ਏ. ਨੂੰ ਯੋਗਦਾਨ ਦੇਣ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਕੁਮਾਰ ਨੇ ਫਲਸਤੀਨੀ ਸ਼ਰਣਾਰਥੀਆਂ ਲਈ ਏਜੰਸੀ ਵਲੋਂ ਕੀਤੇ ਜਾ ਰਹੇ ਸਿਫਤਯੋਗ ਕਾਰਜਾਂ ਦੀ ਪ੍ਰਸ਼ੰਸਾ ਕੀਤੀ।