ਲੰਬੇ ਤਣਾਅ ਤੋਂ ਬਾਅਦ ਕੰਟਰੋਲ ਲਾਈਨ ’ਤੇ ਆਪਣੀਆਂ ਤੋਪਾਂ ਸ਼ਾਂਤ ਕਰਨਗੇ ਭਾਰਤ-ਪਾਕਿ

02/26/2021 11:21:21 AM

ਨਵੀਂ ਦਿੱਲੀ/ਇਸਲਾਮਾਬਾਦ (ਭਾਸ਼ਾ): ਇਕ ਲੰਬੇ ਵਕਫੇ ਮਗਰੋਂ ਭਾਰਤ ਅਤੇ ਪਾਕਿਸਤਾਨ ਕੰਟਰੋਲ ਲਾਈਨ (ਐੱਲ. ਓ. ਸੀ.) ’ਤੇ ਜੰਗ ਬੰਦੀ, ਸਾਰੇ ਸਮਝੌਤਿਆਂ, ਸਹਿਮਤੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਮੌਜੂਦਾ ਵਿਵਸਥਾ ਰਾਹੀਂ ਕਿਸੇ ਵੀ ਅਣਸੁਖਾਵੇਂ ਹਾਲਾਤ ਨੂੰ ਸੁਲਝਾਉਣ ਜਾਂ ਗਲਤਫਹਿਮੀ ਦੂਰ ਕਰਨ ’ਤੇ ਰਾਜ਼ੀ ਹੋਏ ਹਨ। ਇਹ ਸਮਝੌਤਾ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ।

ਭਾਰਤ ਅਤੇ ਪਾਕਿਸਤਾਨ ਦੇ ਫੌਜੀ ਮੁਹਿੰਮ ਡਾਇਰੈਕਟਰ ਜਨਰਲਾਂ (ਡੀ.ਜੀ.ਐੱਮ.ਓ.) ਵਿਚਾਲੇ ਸਥਾਪਿਤ ਹਾਟਲਾਈਨ ਸੰਪਰਕ ਵਿਵਸਥਾ ਜ਼ਰੀਏ ਚਰਚਾ ’ਚ ਦੋਵੇਂ ਦੇਸ਼ਾਂ ਵਿਚਾਲੇ ਇਸ ਗੱਲ ’ਤੇ ਸਹਿਮਤੀ ਬਣੀ। ਗੱਲਬਾਤ ਤੋਂ ਬਾਅਦ ਇਸਲਾਮਾਬਾਦ ਅਤੇ ਨਵੀਂ ਦਿੱਲੀ ’ਚ ਇਕ ਸੰਯੁਕਤ ਬਿਆਨ ਜਾਰੀ ਕਰਕੇ ਦੋਵੇਂ ਧਿਰਾਂ ਨੇ ਕਿਹਾ ਕਿ ਕੰਟਰੋਲ ਲਾਈਨ ਅਤੇ ਸਾਰੇ ਹੋਰ ਖੇਤਰਾਂ ’ਚ ਹਾਲਾਤ ਦੀ ਸਦਭਾਵਨਾ ਅਤੇ ਖੁੱਲ੍ਹੇ ਮਾਹੌਲ ’ਚ ਸਮੀਖਿਆ ਕੀਤੀ ਗਈ। ਸੰਯੁਕਤ ਬਿਆਨ ’ਚ ਕਿਹਾ ਗਿਆ ਕਿ ਸਰਹੱਦਾਂ ’ਤੇ ਦੋਵੇਂ ਦੇਸ਼ਾਂ ਲਈ ਲਾਭਕਾਰੀ ਅਤੇ ਸਥਾਈ ਸ਼ਾਂਤੀ ਸਥਾਪਿਤ ਕਰਨ ਲਈ ਡੀ. ਜੀ. ਐੱਮ. ਓ. ਨੇ ਉਨ੍ਹਾਂ ਮੁੱਖ ਚਿੰਤਾਵਾਂ ਨੂੰ ਦੂਰ ਕਰਨ ’ਤੇ ਸਹਿਮਤੀ ਜਤਾਈ, ਜਿਨ੍ਹਾਂ ਨਾਲ ਸ਼ਾਂਤੀ ’ਚ ਰੁਕਾਵਟ ਪੈ ਸਕਦੀ ਹੈ ਅਤੇ ਹਿੰਸਾ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਨੇ ਅਮਰੀਕਾ ਦੇ ਪੋਸਟਲ ਸਰਵਿਸ ਬੋਰਡ ਲਈ ਤਿੰਨ ਮੈਂਬਰਾਂ ਨੂੰ ਕੀਤਾ ਨਾਮਜ਼ਦ

ਇਸ ’ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ 24-25 ਫਰਵਰੀ ਦੀ ਅੱਧੀ ਰਾਤ ਤੋਂ ਕੰਟਰੋਲ ਲਾਈਨ ਅਤੇ ਸਾਰੇ ਹੋਰ ਖੇਤਰਾਂ ’ਚ ਜੰਗ ਬੰਦੀ ਸਮਝੌਤਿਆਂ ਅਤੇ ਆਪਸੀ ਸਹਿਮਤੀਆਂ ਦੀ ਸਖਤੀ ਨਾਲ ਪਾਲਣਾ ਕਰਨ ’ਤੇ ਸਹਿਮਤੀ ਜਤਾਈ। ਦੋਵੇਂ ਧਿਰਾਂ ਨੇ ਦੋਹਰਾਇਆ ਕਿ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਜਾਂ ਗਲਤਫਹਿਮੀ ਦੂਰ ਕਰਨ ਲਈ ਹਾਟਲਾਈਨ ਸੰਪਰਕ ਅਤੇ ਫਲੈਗ ਮੀਟਿੰਗ ਵਿਵਸਥਾ ਦੀ ਵਰਤੋਂ ਕੀਤੀ ਜਾਵੇਗੀ।

3 ਸਾਲਾਂ ’ਚ ਪਾਕਿ ਨੇ 10752 ਵਾਰ ਕੀਤੀ ਜੰਗ ਬੰਦੀ ਦੀ ਉਲੰਘਣਾ
ਪਿਛਲੇ 3 ਸਾਲਾਂ ’ਚ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ’ਤੇ ਜੰਗ ਬੰਦੀ ਸਮਝੌਤੇ ਦੀ ਉਲੰਘਣਾ ਦੀਆਂ ਕੁੱਲ 10752 ਘਟਨਾਵਾਂ ਹੋਈਆਂ, ਜਿਨ੍ਹਾਂ ’ਚ 72 ਸੁਰੱਖਿਆ ਕਰਮਚਾਰੀਆਂ ਅਤੇ 70 ਆਮ ਲੋਕਾਂ ਦੀ ਜਾਨ ਗਈ। 2018, 2019 ਅਤੇ 2020 ’ਚ ਜੰਮੂ-ਕਸ਼ਮੀਰ ’ਚ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਲਾਈਨ ਦੇ ਨੇੜੇ ਸਰਹੱਦ ਪਾਰ ਤੋਂ ਗੋਲੀਬਾਰੀ ’ਚ 364 ਸੁਰੱਖਿਆ ਕਰਮਚਾਰੀ ਅਤੇ 341 ਆਮ ਨਾਗਰਿਕ ਜ਼ਖਮੀ ਹੋਏ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News