ਬ੍ਰਿਟੇਨ ’ਚ ਮਾਲਿਆ, ਚਾਵਲਾ ਦੀ ਹਵਾਲਗੀ ਮਾਮਲੇ ’ਤੇ ਭਾਰਤ ਸਰਗਰਮ

Monday, Jan 15, 2018 - 08:30 PM (IST)

ਬ੍ਰਿਟੇਨ ’ਚ ਮਾਲਿਆ, ਚਾਵਲਾ ਦੀ ਹਵਾਲਗੀ ਮਾਮਲੇ ’ਤੇ ਭਾਰਤ ਸਰਗਰਮ

ਲੰਡਨ (ਭਾਸ਼ਾ)- ਬ੍ਰਿਟੇਨ ਦੀਆਂ ਅਦਾਲਤਾਂ ’ਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਕਥਿਤ ਸਟੋਰੀਏ ਸੰਜੀਵ ਕੁਮਾਰ ਚਾਵਲਾ ਨਾਲ ਜੁੜੇ ਦੋ ਉੱਚ ਦਰਜੇ ਦੇ ਹਵਾਲਗੀ ਮਾਮਲਿਆਂ ਵਿਚ ਭਾਰਤ ਸਰਕਾਰ ਅੱਗੇ ਵਧਣ ਨੂੰ ਤਿਆਰ ਹੈ। ਪਿਛਲੇ ਹਫਤੇ ਇਕ ਸੁਣਵਾਈ ਵਿਚ ਭਾਰਤੀ ਅਧਿਕਾਰੀਆਂ ਵਲੋਂ ਪੇਸ਼ ਕੀਤੇ ਗਏ ਸਬੂਤਾਂ ਦੀ ਮਨਜ਼ੂਰੀ ਦੇ ਮੁੱਦੇ ’ਤੇ ਅਧੂਰਾ ਰਿਹਾ ਮਾਲਿਆ ਦਾ ਮਾਮਲਾ ਇਥੇ ਵੈਸਟਮਿਨਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ 22 ਜਨਵਰੀ ਨੂੰ ਵਾਪਸ ਆਵੇਗਾ। ਮਾਲਿਆ ਦਾ ਮੁਦੱਈ ਧਿਰ ਪਹਿਲੀ ਸ਼੍ਰੇਣੀ ਵਿਚ ਇਕ ਮਜ਼ਬੂਤ ਮਾਮਲਾ ਨਾ ਹੋਣ ਦਾ ਦਾਅਵਾ ਕਰਦਾ ਹੋਇਆ ਆਪਣੀਆਂ ਦਲੀਲਾਂ ਪੂਰੀਆਂ ਕਰੇਗਾ ਅਤੇ ਭਾਰਤ ਸਰਕਾਰ ਵਲੋਂ ਪੱਖ ਰੱਖ ਰਹੀ ਕ੍ਰਾਊਨ ਇਸਤਗਾਸਾ ਸੇਵਾ (ਸੀ.ਪੀ.ਐਸ.) ਸਬੂਤਾਂ ਦੇ ਪੱਖ ਵਿਚ ਆਪਣੀਆਂ ਦਲੀਲਾਂ ਦੇਵੇਗੀ, ਜਿਸ ਤੋਂ ਬਾਅਦ ਜੱਜ ਐਮਾ ਆਰਬਥਨਾਟ ਇਸ ਮੁੱਦੇ ’ਤੇ ਫੈਸਲਾ ਸੁਣਾ ਸਕਦੀ ਹੈ। ਹਵਾਲਗੀ ਵਾਰੰਟ ’ਤੇ 62 ਸਾਲਾ ਮਾਲਿਆ ਦੀ ਜ਼ਮਾਨਤ ਨੂੰ ਦੋ ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ।

ਉਹ ਤਕਰੀਬਨ 9000 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਭਾਰਤ ਵਿਚ ਲੋੜੀਂਦਾ ਹੈ। ਆਉਣ ਵਾਲੇ ਹਫਤਿਆਂ ਵਿਚ ਹੋਣ ਵਾਲੀਆਂ ਸੁਣਵਾਈਆਂ ਵਿਚ ਮਾਮਲੇ ਦੀਆਂ ਦਲੀਲਾਂ ਖਤਮ ਕਰਨ ਅਤੇ ਫੈਸਲੇ ਲਈ ਸਮਾਂ ਸੀਮਾ ਤੈਅ ਹੋਣ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਨੇ ਸੁਣਵਾਈ ਦੌਰਾਨ ਜੱਜ ਵਲੋਂ ਮੰਗੇ ਗਏ ਸਾਰੇ ਸਪੱਸ਼ਟੀਕਰਨ ਪੇਸ਼ ਕਰ ਦਿੱਤੇ ਹਨ। ਇਸ ਵਿਚ ਨਿਯਮਿਤ ਮੈਡੀਕਲ ਸਹਾਇਤਾ ਦਾ ਵੇਰਵਾ ਵੀ ਸ਼ਾਮਲ ਹੈ, ਜੋ ਮਾਲਿਆ ਨੂੰ ਮੁੰਬਈ ਦੀ ਆਰਥਰ ਰੋਡ ਜੇਲ ਵਿਚ ਮੁਹੱਈਆ ਕਰਵਾਈ ਜਾਵੇਗੀ ਜਿਥੇ ਉਨ੍ਹਾਂ ਨੂੰ ਰੱਖਿਆ ਜਾਣਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੂ ਨੇ ਪਿਛਲੇ ਹਫਤੇ ਬ੍ਰਿਟੇਨ ਦੀ ਯਾਤਰਾ ਦੌਰਾਨ ਮਾਲਿਆ ਮਾਮਲੇ ਦੇ ਸਬੰਧ ਵਿਚ ਕਿਹਾ ਸੀ, ਮੁੱਦਈ ਧਿਰ ਦੇ ਵਕੀਲ ਸਿਰਫ ਮਾਮਲੇ ਨੂੰ ਲਟਕਾਉਣ ਲਈ ਮੁੱਦੇ ਚੁੱਕ ਰਹੇ ਹਨ। ਅਸੀਂ ਸਾਰੀ ਤਿਆਰੀ ਅਤੇ ਸਾਡੇ ਵਲੋਂ ਜੋ ਵੀ ਜ਼ਰੂਰੀ ਹੈ ਸਭ ਪੂਰਾ ਕਰ ਲਿਆ ਹੈ। ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਭਾਰਤ ਨੇ ਹਵਾਲਗੀ ਦੇ 14 ਲਟਕੇ ਮਾਮਲਿਆਂ ਦਾ ਮੁੱਦਾ ਚੁੱਕਿਆ ਹੈ ਜਿਸ ਵਿਚ ਕ੍ਰਿਕੇਟ ਮੈਚ ਫਿਕਸਿੰਗ ਮਾਮਲੇ ਦੇ ਮੁੱਖ ਦੋਸ਼ੀ ਚਾਵਲਾ ਦਾ ਮਾਮਲਾ ਵੀ ਸ਼ਾਮਲ ਹੈ। ਮੈਚ ਫਿਕਸਿੰਗ ਦਾ ਇਹ ਮਾਮਲਾ ਸਾਲ 2000 ਵਿਚ ਸਾਬਕਾ ਦੱਖਣੀ ਅਫਰੀਕੀ ਕਪਤਾਨ ਹੈਂਸੀ ਕ੍ਰੋਂਜੇ ਨਾਲ ਜੁੜਿਆ ਹੈ। 


Related News