ਸੁਤੰਤਰਤਾ ਦਿਵਸ ਦੀ ਸ਼ਾਮ ਨੂੰ ਲੇਬਨਾਨ ਦੇ ਸਾਬਕਾ ਪੀ. ਐਮ ਸਾਦ ਹਰੀਰੀ ਪਰਤੇ ਦੇਸ਼

11/22/2017 4:36:41 PM

ਬੇਰੂਤ(ਭਾਸ਼ਾ)— ਅਚਾਨਕ ਅਹੁਦੇ ਤੋਂ ਅਸਤੀਫਾ ਦੇ ਕੇ ਜਨਤਾ ਨੂੰ ਹੈਰਾਨ ਕਰਨ ਵਾਲੇ ਲੇਬਨਾਨ ਦੇ ਪ੍ਰਧਾਨ ਮੰਤਰੀ ਸਾਦ ਹਰੀਰੀ 3 ਹਫਤੇ ਤੱਕ ਦੇਸ਼ 'ਚੋਂ ਗਾਇਬ ਰਹਿਣ ਤੋਂ ਬਾਅਦ ਸੁਤੰਤਰਤਾ ਦਿਵਸ ਦੀ ਸ਼ਾਮ ਨੂੰ ਦੇਸ਼ ਵਾਪਸ ਵਰਤ ਆਏ ਹਨ। ਹਰੀਰੀ ਨੇ 4 ਨਵੰਬਰ ਨੂੰ ਸਾਊਦੀ ਅਰਬ ਤੋਂ ਇਕ ਟੈਲੀਵਿਜ਼ਨ ਸੰਬੋਧਨ ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਹ ਰਿਆਦ ਵਿਚ ਸਨ। ਜਿੱਥੇ ਉਨ੍ਹਾਂ ਨੇ ਕਰੀਬ 2 ਹਫਤੇ ਦਾ ਸਮਾਂ ਬਿਤਾਇਆ। ਇਸ ਤੋਂ ਬਾਅਦ ਉਹ ਆਬੂ ਧਾਬੀ, ਪੈਰਿਸ ਅਤੇ ਕਾਹਿਰਾ ਚਲੇ ਗਏ ਸਨ। ਉਨ੍ਹਾਂ ਦੇ ਦਫਤਰ ਨੇ ਇਕ ਬਿਆਨ ਵਿਚ ਦੱਸਿਆ ਹੈ ਕਿ ਉਨ੍ਹਾਂ ਦਾ ਜਹਾਜ਼ ਦੇਰ ਰਾਤ ਬੇਰੁਤ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ। ਹਰੀਰੀ ਨੇ ਵਾਅਦਾ ਕੀਤਾ ਸੀ ਕਿ ਉਹ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ ਪਰਤਣਗੇ ਅਤੇ ਆਪਣੀ ਸਥਿਤੀ ਸਪਸ਼ਟ ਕਰਨਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇਸ਼ ਵਾਪਸੀ ਦੌਰਾਨ ਕੁੱਝ ਸਮੇਂ ਲਈ ਸਾਈਪ੍ਰਸ ਵਿਚ ਰੁੱਕੇ ਸਨ। ਹਰੀਰੀ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦੀ ਘੋਸ਼ਣਾ ਕਰ ਕੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਰਾਜਨੀਤਕ ਸੰਕਟ ਛਾਅ ਗਿਆ ਸੀ। ਨਾਲ ਹੀ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਉਥੇ ਰੋਕ ਕੇ ਰੱਖਿਆ ਗਿਆ ਹੈ ਪਰ ਉਨ੍ਹਾਂ ਨੇ ਅਤੇ ਸਾਊਦੀ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਸੀ। ਬੈਰੂਤ ਵਿਚ ਉਨ੍ਹਾਂ ਦੇ ਪ੍ਰੈਸ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਹਰੀਰੀ ਰਾਸ਼ਟਰਪਤੀ ਨਿਕੋਸ ਅਨਾਸਤਾਸਿਆਦੇਸ ਨਾਲ ਲੇਬਨਾਨ ਅਤੇ ਖੇਤਰ ਵਿਚ ਹਾਲੀਆ ਗਤੀਵਿਧੀਆਂ 'ਤੇ ਗੱਲਬਾਤ ਲਈ ਕਾਹਿਰਾ ਤੋਂ ਰਵਾਨਾ ਹੋ ਗਏ ਹਨ। ਸਾਈਪ੍ਰਸ ਸਰਕਾਰ ਦੇ ਬੁਲਾਰੇ ਨਿਕੋਸ ਕ੍ਰਿਸਟੋਡਾਈਲਿਡਸ ਨੇ ਟਵੀਟ ਕਰ ਕੇ ਦੱਸਿਆ ਕਿ ਦੋਵਾਂ ਨੇਤਾਵਾਂ ਵਿਚਕਾਰ ਇਕ 'ਗਰਮਜੋਸ਼ੀ ਨਾਲ ਭਰੀ ਅਤੇ ਉਪਯੋਗੀ' ਗੱਲਬਾਤ ਹੋਈ।