ਅਮਰੀਕਾ 'ਚ ਪੰਜਾਬੀਆਂ 'ਤੇ ਵਧ ਰਹੇ ਹਮਲੇ ਚਿੰਤਾ ਦਾ ਵਿਸ਼ਾ : ਜਸਦੀਪ ਸਿੰਘ ਜੱਸੀ

09/25/2022 12:28:05 PM

ਵਾਸ਼ਿੰਗਟਨ (ਰਾਜ ਗੋਗਨਾ): ਬੀਤੇ ਦਿਨੀਂ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ‘ਜੱਸੀ’ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਮਰੀਕਾ ਵਿਚ ਪੰਜਾਬੀਆਂ 'ਤੇ ਵਧ ਰਹੇ ਹਮਲੇ, ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਦੀਆਂ ਹੋ ਰਹੀਆਂ ਵਾਰਦਾਤਾਂ 'ਤੇ ਉਹਨਾਂ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਮੁੱਚੇ ਅਮਰੀਕਾ ਨੂੰ ਕਰਾਈਮ ਦੀ ਲਹਿਰ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅਸੀਂ ਪਿਛਲੇ ਦੋ-ਤਿੰਨ ਸਾਲ ਤੋਂ ਇਸ ਸਬੰਧੀ ਆਪਣੀ ਕਮਿਊਨਿਟੀ ਨੂੰ ਜਾਗਰੂਕ ਕਰ ਰਹੇ ਹਾਂ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਬਲੈਕ ਲਾਈਫਜ਼ ਮੈਟਰ ਜਾਂ ਹੋਰ ਮੁੱਦੇ 'ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਪਰ ਅਸੀਂ ਸਿੱਖ ਲਾਈਫ ਮੈਟਰ ਜਾਂ ਆਲ ਲਾਈਫ ਮੈਟਰ 'ਤੇ ਇਕੱਠੇ ਨਹੀਂ ਹੋ ਸਕੇ ਹਾਂ।

ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਸਾਡੀ ਕਮਿਊਨਿਟੀ ਦੇ ਕਿਸੇ ਨੌਜਵਾਨ ਜਾਂ ਵਿਅਕਤੀ 'ਤੇ ਹਮਲਾ ਹੁੰਦਾ ਹੈ ਜਾਂ ਉਸ ਨੂੰ ਨਸਲ ਦੇ ਆਧਾਰ 'ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਜੋ ਦਰਦਨਾਕ ਕੇਸ ਸਾਹਮਣੇ ਆਇਆ ਹੈ ਜਿਸ ਵਿੱਚ ਪੰਜਾਬੀ ਨੌਜਵਾਨ ਹਮਲਾ ਕਰਨ ਵਾਲਿਆਂ ਨੂੰ ਇੱਥੋਂ ਤਕ ਕਹਿ ਰਹਾ ਹੈ ਕਿ ਜੋ ਕੁਝ ਚਾਹੀਦਾ ਹੈ ਇੱਥੋਂ ਲੈ ਜਾਓ ਪਰ ਗੋਲੀ ਨਾ ਮਾਰੋ ਪਰ ਫਿਰ ਵੀ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਪੰਜਾਬੀ, ਪਾਕਿਸਤਾਨੀ ਜਾਂ ਕਹਿ ਲਓ ਏਸ਼ੀਅਨ ਆਪਣਾ ਸਾਰਾ ਪੈਸਾ ਖਰਚ ਕੇ ਇਥੇ ਵਧੀਆ ਭਵਿੱਖ ਦੀ ਆਸ ਵਿੱਚ ਆਉਂਦੇ ਹਨ।ਸਟੋਰਾਂ ਵਿੱਚ ਜਾਂ ਬਹੁਤ ਸਾਰੇ ਮਿਹਨਤ ਵਾਲੇ ਕੰਮ ਕਰਕੇ ਜੀਵਨ ਬਸਰ ਕਰ ਰਹੇ ਹਨ। 

ਉਨ੍ਹਾਂ ਨਾਲ ਜੋ ਭਾਣੇ ਵਾਪਰ ਰਹੇ ਹਨ ਉਨ੍ਹਾਂ ਤੋਂ ਮਨ ਬਹੁਤ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਇਕ ਅਜਿਹਾ ਮਾਹੌਲ ਬਣ ਗਿਆ ਹੈ ਕਿ ਜਿਸ ਵਿਚ ਕ੍ਰਿਮੀਨਲ ਐਲੀਮੈਂਟ ਨੂੰ ਪ੍ਰਮੋਟ ਕਰਨਾ, ਵਿਰੋਧ ਪ੍ਰਦਰਸ਼ਨ ਅਤੇ ਦੰਗੇ ਬਹੁਤ ਵਧ ਰਹੇ ਹਨ ਜਿਸ ਦਾ ਸ਼ਿਕਾਰ ਜ਼ਿਆਦਾਤਰ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਸਿੱਖ ਜਗਤ ਹੋ ਰਿਹਾ ਹੈ। ਇਸ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਿੱਖ ਆਫ ਅਮਰੀਕਾ ਆਪਣੇ ਪੱਧਰ 'ਤੇ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਲਗਾਮ ਲਗਾਉਣ ਲਈ ਸਰਗਰਮ ਰਹਿੰਦੀ ਹੈ ਪਰ ਸਮੂਹ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਹੋ ਜਿਹੇ ਕੇਸਾਂ ਵਿਰੁਧ ਆਵਾਜ਼ ਉਠਾਈਏ। 

ਪੜ੍ਹੋ ਇਹ ਅਹਿਮ  ਖ਼ਬਰ-ਕੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਹੋ ਗਏ ਨਜ਼ਰਬੰਦ? ਜਾਣੋ ਪੂਰਾ ਮਾਮਲਾ

ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਜਦੋਂ ਵੀ ਅਮਰੀਕਾ ਦੇ ਕਿਸੇ ਰਾਜਨੀਤਕ ਆਗੂ ਨੂੰ ਮਿਲਦੇ ਹਾਂ ਤਾਂ ਉਨ੍ਹਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਕਿ ਕਮਿਊਨਿਟੀ ਦੀ ਸੁਰੱਖਿਆ ਲਈ ਸੁਚੱਜੇ ਯਤਨ ਕੀਤੇ ਜਾਣ। ਉਨ੍ਹਾਂ ਹਰੇਕ ਪੰਜਾਬੀ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਉਹ ਕਿਸੇ ਰਾਜਨੀਤਕ ਲੀਡਰ ਨੂੰ ਮਿਲਦੇ ਹਨ ਉਨ੍ਹਾਂ ਨਾਲ ਸਿਰਫ ਫੋਟੋਆਂ ਖਿਚਵਾ ਕੇ ਹੀ ਖੁਸ਼ ਨਾ ਹੋ ਜਾਓ ਬਲਕਿ ਆਪਣੀ ਕਮਿਊਨਿਟੀ ਦੇ ਮੁੱਦੇ ਵੀ ਜ਼ਰੂਰ ਚੁੱਕੋ ਕਿਉਂਕਿ ਸਾਡੀ ਗਿਣਤੀ ਬਹੁਤ ਘੱਟ ਹੈ। ਇਸ ਲਈ ਇਹ ਕਾਰਜ ਸਾਨੂੰ ਆਪ ਮੁਹਾਰੇ ਹੀ ਕਰਨੇ ਪੈਣੇ ਹਨ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕੀ ਅਸੀਂ ਪਹਿਲਾਂ ਵੀ ਮੌਕੇ ਦੀਆਂ ਸਰਕਾਰਾਂ ਅਤੇ ਵੱਖ-ਵੱਖ ਗਵਰਨਰਾਂ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਹਨ. ਜਿਸ ਵਿਚ ਸਿੱਖ ਕਮਿਊਨਿਟੀ ਦੇ ਟਰਬਨੇਟਰ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਅਤੇ ਅਹੁਦੇ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ ਤਾਂ ਕਿ ਉਹ ਅਮਰੀਕੀ ਨਾਗਰਿਕ ਵਜੋਂ ਆਪਣੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਸਕਣ। 

ਹੁਣ ਵੀ ਮੌਜੂਦਾ ਗਵਰਨਰ ਨਾਲ ਮੀਟਿੰਗ ਹੋ ਜਾ ਰਹੀ ਹੈ ਅਤੇ ਅਸੀਂ ਉਹ ਸਾਰੇ ਮੁੱਦੇ ਉਨ੍ਹਾਂ ਸਨਮੁੱਖ ਰੱਖਾਂਗੇ ਜਿਸ ਨਾਲ ਕਮਿਊਨਿਟੀ ਦਾ ਅਮਰੀਕਾ ਵਿਚ ਹੋਰ ਵੀ ਵੱਡੇ ਪੱਧਰ 'ਤੇ ਵਿਕਾਸ ਹੋ ਸਕੇ ਅਤੇ ਕਮਿਊਨਿਟੀ ਦੇ ਬੱਚੇ ਅਮਰੀਕਾ ਦੀਆਂ ਅਹਿਮ ਪੋਸਟਾਂ'ਤੇ ਕਾਰਜਸ਼ੀਲ ਹੋਣ। ਮੁਲਾਕਾਤ ਦੇ ਅਖ਼ੀਰ ਵਿੱਚ ਜਸਦੀਪ ਸਿੰਘ ਜੱਸੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਆਫ ਅਮੈਰਿਕਾ ਹਰ ਉਸ ਸਿਆਸੀ ਪਾਰਟੀ ਨੂੰ ਸਪੋਰਟ ਕਰੇਗੀ ਜੋ ਸਾਡੀ ਕਮਿਊਨਿਟੀ ਦੇ ਹਮ ਖ਼ਿਆਲੀ ਹੋਵੇ ਜਾਂ ਕਮਿਊਨਿਟੀ ਦੀ ਭਲਾਈ ਲਈ ਕੰਮ ਕਰਨ ਲਈ ਅੱਗੇ ਆਵੇ।


Vandana

Content Editor

Related News