ਫ੍ਰਾਂਸੀਸੀ ਯੈਲੋ ਵੈਸਟ ਪ੍ਰਦਰਸ਼ਨ ''ਚ ਹਜ਼ਾਰਾਂ ਪ੍ਰਦਰਸ਼ਨਕਾਰੀ ਹੋਏ ਸ਼ਾਮਲ

01/13/2019 2:48:37 AM

ਪੈਰਿਸ — ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਮੱਧ ਸ਼ਹਿਰ ਬੋਰਸ਼ 'ਚ ਸ਼ਨੀਵਾਰ ਨੂੰ ਯੈਲੋ ਵੈਸਟ ਵਾਲੇ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ। ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨਾਲ ਹਿੰਸਕ ਝੱੜਪ ਦੀ ਉਮੀਦ ਨੂੰ ਦੇਖਦੇ ਹੋਏ ਉੱਚ ਸੁਰੱਖਿਆ ਪ੍ਰਬੰਧ ਕਰ ਰਖੇ ਸਨ। ਪੂਰਬੀ ਪੈਰਿਸ 'ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਸਮੇਂ ਮੁਤਾਬਕ 11 ਵਜੇ ਵਿੱਤ ਮੰਤਰਾਲੇ ਨੇੜੇ ਪ੍ਰਦਰਸ਼ਨ ਸ਼ੁਰੂ ਕੀਤਾ ਅਤੇ ਉਹ ਰਾਜਧਾਨੀ ਦੇ ਮੁੱਖ ਸ਼ਹਿਰਾਂ 'ਚੋਂ ਸ਼ਾਂਤੀਪੂਰਣ ਢੰਗ ਨਾਲ ਗੁਜਰੇ। ਉਨ੍ਹਾਂ ਦੀ ਸ਼ਾਨਜ਼-ਐਲੀਸੀਜ਼ ਐਵੀਨਿਊ ਵੱਲ ਅਗੇ ਵੱਧਣ ਦੀ ਯੋਜਨਾ ਸੀ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ 24 ਲੋਕ ਅਜਿਹੀਆਂ ਚੀਜ਼ਾਂ ਲਿਆਉਣ ਕਾਰਨ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦਾ ਹਥਿਆਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿਚਾਲੇ ਸੂਬੇ ਦੀ ਰਾਜਧਾਨੀ ਬੋਰਸ਼ 'ਚ ਵੀ ਲੋਕਾਂ ਨੇ ਯੈਲੇ ਵੈਸਟ ਪ੍ਰਦਰਸ਼ਨ ਕੀਤਾ। ਉਸ ਦੇ ਲਈ ਹਫਤੇ ਭਰ ਆਨਲਾਈਨ ਅਪੀਲ ਕੀਤੀ ਜਾ ਰਹੀ ਸੀ। ਪ੍ਰਸ਼ਾਸਨ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਦੇ 9 ਹਫਤੇ ਲਈ ਪੂਰੇ ਦੇਸ਼ 'ਚ 80,000 ਸੁਰੱਖਿਆ ਕਰਮੀਆਂ ਨੂੰ ਤੈਨਾਤ ਕੀਤਾ ਸੀ। ਗ੍ਰਹਿ ਮੰਤਰੀ ਕ੍ਰਿਸਟੋਫਰ ਕਾਸਟੇਨਰ ਨੇ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਜ਼ਬਰਦਸ਼ਤ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।
ਛੁੱਟੀਆਂ ਦੇ ਦਿਨਾਂ ਹੋਣ ਵਾਲਾ ਇਹ ਪ੍ਰਦਰਸ਼ਨ ਕੁਝ ਕਮਜ਼ੋਰ ਤਾਂ ਪਿਆ ਸੀ ਪਰ ਇਹ ਫਿਰ ਤੋਂ ਮਜ਼ਬੂਤ ਹੁੰਦਾ ਜਾਪ ਰਿਹਾ ਹੈ। ਹਾਲਾਂਕਿ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਅਰਬਾਂ ਯੂਰੋ ਦੀ ਟੈਕਸ ਰਾਹਤ ਦਾ ਵਾਅਦਾ ਕੀਤਾ ਸੀ। ਪ੍ਰਦਰਸ਼ਨਕਾਰੀਆਂ ਦੀ ਚਿੰਤਾ 'ਤੇ ਦੇਸ਼ ਭਰ 'ਚ ਬਹਿਸ ਚੱਲ ਰਹੀ ਹੈ। ਪ੍ਰਦਰਸ਼ਨਕਾਰੀ ਫਰਾਂਸ ਦੀ ਅਰਥ-ਵਿਵਸਥਾ ਅਤੇ ਸਿਆਸਤ 'ਚ ਡੂੰਘਾ ਬਦਲਾਅ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਅਮੀਰਾਂ ਦੇ ਪੱਖ 'ਚ ਦੇਖਿਆ ਜਾਂਦਾ ਹੈ।