ਬੱਚੇ ਦੀ ਜਾਨ ਬਚਾਉਣ ਵਾਲੇ ਇਸ ਲਾੜੇ ਦੀ ਹਰ ਕੋਈ ਕਰ ਰਿਹੈ ਤਾਰੀਫ, ਤਸਵੀਰਾਂ ਵਾਇਰਲ

09/26/2017 6:01:40 PM

ਓਨਟਾਰੀਓ (ਬਿਊਰੋ)— ਵਿਆਹ ਦਾ ਪਲ ਹਰ ਜੋੜੇ ਲਈ ਖਾਸ ਹੁੰਦਾ ਹੈ। ਅੱਜ-ਕਲ੍ਹ ਵਿਆਹ ਸਮੇਂ ਜੋੜਾ ਅਕਸਰ ਫੋਟੋਸ਼ੂਟ ਕਰਵਾਉਂਦਾ ਹੈ। ਜੇ ਇਸ ਫੋਟੋਸ਼ੂਟ ਦੌਰਾਨ ਕੁਝ ਅਜਿਹੀ ਘਟਨਾ ਵਾਪਰ ਜਾਵੇ ਕਿ ਇਸ ਨੂੰ ਥੋੜ੍ਹੀ ਦੇਰ ਲਈ ਰੋਕਣਾ ਪੈ ਜਾਵੇ ਤਾਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਨ। ਅਜਿਹੀ ਹੀ ਇਕ ਘਟਨਾ ਕੈਨੇਡਾ ਦੇ ਇਕ ਜੋੜੇ ਦੀ ਸਾਹਮਣੇ ਆਈ ਹੈ, ਜਿੱਥੇ ਲਾੜਾ ਫੋਟੋਸ਼ੂਟ ਨੂੰ ਅੱਧ ਵਿਚਾਲੇ ਛੱਡ ਕੇ ਚਲਾ ਗਿਆ। ਲਾੜੇ ਦੇ ਅਜਿਹਾ ਕਰਨ ਦਾ ਉਦੇਸ਼ ਨੇਕ ਸੀ। ਅਜਿਹਾ ਕਰ ਕੇ ਉਸ ਨੇ ਇਕ ਮਾਸੂਮ ਦੀ ਜ਼ਿੰਦਗੀ ਬਚਾ ਲਈ।
ਅਸਲ ਵਿਚ ਕਲੇਟਨ ਅਤੇ ਬ੍ਰਿਟਿਨੀ ਰੌਸ ਕੁੱਕ ਓਨਟਾਰੀਓ ਦੇ ਕਿਚਨਰ ਵਿਚ ਵਿਕਟੋਰੀਆ ਪਾਰਕ ਲੇਕ 'ਤੇ ਆਪਣੇ ਵਿਆਹ ਦਾ ਫੋਟੋਸ਼ੂਟ ਕਰਾਉਣ ਲਈ ਆਏ ਸਨ। ਇਸ ਫੋਟੋਸ਼ੂਟ ਲਈ ਉਨ੍ਹਾਂ ਨੇ ਲੰਡਨ ਦੇ ਇਕ ਫੋਟੋਗ੍ਰਾਫਰ ਡੈਰੇਨ ਹਾਟ ਨੂੰ ਬੁਲਾਇਆ ਸੀ। ਪਹਿਲਾਂ ਡੈਰੇਨ ਨੇ ਲਾੜੀ ਬ੍ਰਿਟਨੀ ਰੌਸ ਕੁੱਕ ਦੇ ਸਿੰਗਲ ਸ਼ੌਟਸ ਲਏ। ਫਿਰ ਜਦੋਂ ਉਹ ਕਲੇਟਨ ਅਤੇ ਬ੍ਰਿਟਿਨੀ ਰੌਸ ਕੁੱਕ ਦੀਆਂ ਤਸਵੀਰਾਂ ਖਿੱਚ ਰਿਹਾ ਸੀ ਤਾਂ ਉਸੇ ਸਮੇਂ ਕਲੇਟਨ ਨੇ ਦੇਖਿਆ ਕਿ ਨੇੜੇ ਦੀ ਨਦੀ ਵਿਚ ਇਕ ਬੱਚਾ ਡੁੱਬ ਰਿਹਾ ਹੈ। ਅਜਿਹੇ ਸਮੇਂ ਕਲੇਟਨ ਨੇ ਆਪਣੇ ਵਿਆਹ ਵਾਲੇ ਕੱਪੜਿਆਂ ਦੇ ਖਰਾਬ ਹੋਣ ਦੀ ਪਰਵਾਹ ਕੀਤੇ ਬਿਨਾਂ ਹੀ ਨਦੀ ਵਿਚ ਛਾਲ ਮਾਰ ਦਿੱਤੀ। ਕੁਝ ਹੀ ਮਿੰਟਾਂ ਵਿਚ ਉਹ ਬੱਚੇ ਨੂੰ ਕਿਨਾਰੇ ਤੱਕ ਲਿਆਉਣ ਵਿਚ ਸਫਲ ਹੋ ਗਿਆ।


ਇਸ ਪੂਰੀ ਘਟਨਾ ਨੂੰ ਡੈਰੇਨ ਨੇ ਆਪਣੇ ਕੈਮਰੇ ਵਿਚ ਕੈਦ ਕਰ ਲਿਆ। ਉਸ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ। ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।
ਕਲੇਟਨ ਨੇ ਦੱਸਿਆ,'' ਬੱਚੇ ਦੇ ਦੋਸਤ ਨੇ ਹੀ ਉਸ ਨੂੰ ਪਾਣੀ ਵਿਚ ਧੱਕਾ ਦਿੱਤਾ ਸੀ। ਪਾਣੀ ਵਿਚ ਡਿੱਗਦੇ ਹੀ ਬੱਚਾ ਡੁੱਬਣ ਲੱਗਾ। ਜਦੋਂ ਮੈਂ ਉਸ ਬੱਚੇ ਨੂੰ ਡੁੱਬਦੇ ਦੇਖਿਆ ਤਾਂ ਮੈਨੂੰ ਸਮਝ ਆਈ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ। ਇਸ ਲਈ ਉਸ ਬੱਚੇ ਦੀ ਜਾਨ ਬਚਾਉਣ ਲਈ ਮੈਂ ਨਦੀ ਵਿਚ ਛਾਲ ਮਾਰ ਦਿੱਤੀ।'' ਹੁਣ ਲਾੜੇ ਕਲੇਟਨ ਦੀ ਸਾਰੇ ਪ੍ਰਸ਼ੰਸਾ ਕਰ ਰਹੇ ਹਨ। ਪਤਨੀ ਬ੍ਰਿਟਿਨਾ ਨੇ ਵੀ ਆਪਣੇ ਪਤੀ ਕਲੇਟਨ ਦੀ ਬਹਾਦੁਰੀ ਦੀ ਜੰਮ ਕੇ ਤਾਰੀਫ ਕੀਤੀ ਹੈ।