ਇਕ ਪਰਿਵਾਰ ਨੇ ਵਾਇਰਸ ਫੈਲਾਉਣ ਲਈ ਵਰਤਿਆ ''ਮੱਛਰਾਂ ਨਾਲ ਭਰਿਆ ਬੈਗ''

09/23/2017 5:42:47 PM

ਪੇਸ਼ਾਵਰ (ਬਿਊਰੋ)— ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਹਆਤਬਾਦ ਮੈਡੀਕਲ ਕੰਪਲੈਕਸ ਵਿਚ 18 ਸਤੰਬਰ ਨੂੰ ਇਕ ਜੋੜੇ ਨੂੰ ਮੱਛਰਾਂ ਨਾਲ ਭਰੇ ਹੋਏ ਬੈਗ ਨਾਲ ਫੜਿਆ ਗਿਆ। ਇਸ ਗੱਲ ਦੀ ਜਾਣਕਾਰੀ ਹਸਪਤਾਲ ਦੇ ਡਾਇਰੈਕਟਰ ਡਾਕਟਰ ਸ਼ਾਹਜ਼ਾਦ ਅਕਬਰ ਨੇ ਬੁੱਧਵਾਰ ਨੂੰ ਦਿੱਤੀ। ਇਨ੍ਹਾਂ ਮੱਛਰਾਂ ਨਾਲ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਸਨ।
ਪਾਕਿਸਤਾਨੀ ਵੈਬਸਾਈਟ ਵਿਚ ਛਪੀ ਖਬਰ ਮੁਤਾਬਕ ਸੈਫਿਉਲਾ ਨਾਂ ਦਾ ਵਿਅਕਤੀ ਹਸਪਤਾਲ ਵਿਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਅੰਦਰ ਜਾਣ ਦੀ ਕੋਸ਼ਿਸ ਕਰ ਰਿਹਾ ਸੀ। ਹਸਪਤਾਲ ਦੇ ਗਾਰਡ ਨੇ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਕੋਲੋਂ ਮੱਛਰਾਂ ਨਾਲ ਭਰਿਆ ਇਕ ਬੈਗ ਮਿਲਿਆ। ਗਾਰਡ ਨੇ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ ਤਾਂ ਪਤਾ ਚੱਲਿਆ ਕਿ ਉਹ ਹਸਪਤਾਲ ਵਿਚ ਇਹ ਪਤਾ ਲਗਾਉਣ ਆਏ ਸਨ ਕਿ ਇਹ ਮੱਛਰ ਖਤਰਨਾਕ ਹਨ ਜਾਂ ਨਹੀਂ। ਉਨ੍ਹਾਂ ਦੀਆਂ ਇਹ ਗੱਲਾਂ ਸੁਣ ਹਸਪਤਾਲ ਪ੍ਰਸ਼ਾਸਨ ਵੀ ਹੈਰਾਨ ਹੈ।
ਸੈਫਿਉਲਾ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਸ ਨੂੰ ਮੱਛਰਾਂ ਨਾਲ ਵਾਇਰਸ ਫੈਲਾਉਣ ਬਦਲੇ ਪੈਸੇ ਦੇਣ ਦਾ ਵਾਅਦਾ ਕੀਤਾ ਹੈ। ਉਸ ਵਿਅਕਤੀ ਨੇ ਉਸ ਨੂੰ ਕਿਹਾ ਸੀ ਕਿ ਹਸਪਤਾਲ ਵਿਚ ਵਾਇਰਸ ਫੈਲਾਉਣ ਵਾਲੇ ਮੱਛਰਾਂ ਨੂੰ ਛੱਡਣ ਮਗਰੋਂ ਉਹ ਉਸ ਨੂੰ ਪੈਸੇ ਦੇਵੇਗਾ। ਫਿਲਹਾਲ ਜੋੜੇ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ।
ਉੱਧਰ ਖੈਬਰ ਪਖਤੂਨਖਵਾ ਸਰਕਾਰ ਨੇ ਹਾਲ ਵਿਚ ਹੀ ਮੱਛਰ ਨਾਲ ਹੋਣ ਵਾਲੇ ਰੋਗਾਂ ਦੀ ਮਹਾਂਮਾਰੀ ਕਾਰਨ ਸੂਬੇ ਵਿਚ ਸਿਹਤ ਆਪਾਤਕਾਲ ਦਾ ਐਲਾਨ ਕੀਤਾ ਸੀ।