ਸੈਲਫੀ ਦੇ ਚੱਕਰ ''ਚ ਲੋਕ ਗੁਰਿੱਲਿਆਂ ਨੂੰ ਵੰਡ ਜਾਂਦੇ ਨੇ ਬੀਮਾਰੀਆਂ

10/29/2019 9:11:49 PM

ਕੰਪਾਲਾ (ਏਜੰਸੀ)- ਲੋਕ ਕਈ ਵਾਰ ਸੈਲਫੀ ਲੈਣ ਲਈ ਇੰਨੇ ਉਤਸ਼ਾਹਤ ਹੁੰਦੇ ਹਨ ਕਿ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਅਣਗੌਲਿਆਂ ਕਰ ਦਿੰਦੇ ਹਨ। ਇਨ੍ਹਾਂ ਸੈਲਫੀਆਂ ਵਾਲਿਆਂ ਤੋਂ ਗੁਰਿੱਲੇ ਵੀ ਕਾਫੀ ਤੰਗ ਆ ਚੁੱਕੇ ਹਨ। ਲੋਕ ਮਾਉਂਟੇਨ ਗੁਰਿੱਲਾ ਨਾਲ ਸੈਲਫੀ ਲੈਣ ਲਈ ਉਨ੍ਹਾਂ ਦੇ ਇੰਨੇ ਨੇੜੇ ਚਲੇ ਜਾਂਦੇ ਹਨ ਕਿ ਆਪਣਾ ਜ਼ੁਕਾਮ ਵੀ ਉਨ੍ਹਾਂ ਨੂੰ ਦੇ ਦਿੰਦੇ ਹਨ ਅਤੇ ਫਿਰ ਜਾਨਵਰਾਂ ਨੂੰ ਵੀ ਇਨਸਾਨਾਂ ਦੀ ਇਸ ਬੀਮਾਰੀ ਨਾਲ ਦੋ ਚਾਰ ਹੋਣਾ ਪੈਂਦਾ ਹੈ। ਗੁਰਿੱਲਾ ਦੀ ਇਹ ਪ੍ਰਜਾਤੀ ਲੋਕਾਂ ਦੀਆਂ ਇਨ੍ਹਾਂ ਹਰਕਤਾਂ ਕਾਰਨ ਸੰਕਟ ਵਿਚ ਹੈ।

ਆਮ ਤੌਰ 'ਤੇ ਚਿੜੀਆਘਰ ਜਾਂ ਹੋਰ ਥਾਵਾਂ 'ਤੇ ਬੰਦਰਾਂ ਅਤੇ ਗੁਰਿੱਲਾ ਤੋਂ 7 ਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ 'ਤੇ ਜਾਨਵਰਾਂ ਦੇ ਨਾਲ ਲੋਕਾਂ ਦੀਆਂ ਸੈਂਕੜੇ ਤਸਵੀਰਾਂ ਹਨ ਜਿਨ੍ਹਾਂ ਵਿਚ ਬੇਹਦ ਨੇੜੇ ਖੜ੍ਹੇ ਹਨ। ਯੁਗਾਂਡਾ ਵਿਚ ਜਾਨਵਰਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਇਕ ਮਾਹਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਨ ਲਈ ਲੋਕ ਜ਼ਿਆਦਾ ਚੰਗੀਆਂ ਤਸਵੀਰਾਂ ਚਾਹੁੰਦੇ ਹਨ ਅਤੇ ਇਸੇ ਲਾਲਚ ਵਿਚ ਉਹ ਜਾਨਵਰਾਂ ਦੇ ਪ੍ਰਤੀ ਆਪਣੇ ਵਤੀਰੇ 'ਤੇ ਵੀ ਧਿਆਨ ਨਹੀਂ ਦਿੰਦੇ।

ਆਕਸਫੋਰਡ ਬਰੁਕਸ ਯੂਨੀਵਰਸਿਟੀ ਦੇ ਪ੍ਰੋਫੈਸਰ ਗੈਸਪਾਰਡ ਨੇ ਕਿਹਾ ਕਿ ਛੋਟੇ ਗੁਰਿੱਲਾ ਦੇ ਕੋਲ ਜ਼ਿਆਦਾ ਲੋਕ ਜਾਂਦੇ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਮਾਉਂਟੇਨ ਗੁਰਿੱਲਾ ਰਵਾਂਡਾ, ਯੁਗਾਂਡਾ ਅਤੇ ਰੀਪਬਲਿਕ ਆਫ ਕਾਂਗੋ ਵਿਚ ਹੀ ਮਾਉਂਟੇਨ ਗੁਰਿੱਲਾ ਦੀ ਪ੍ਰਜਾਤੀ ਪਾਈ ਜਾਂਦੀ ਹੈ ਅਤੇ ਇਨ੍ਹਾਂ ਨੂੰ ਦੁਰਲਭ ਪ੍ਰਜਾਤੀ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਨ੍ਹਾਂ ਦੀ ਗਿਣਤੀ ਸਿਰਫ 1004 ਰਹਿ ਗਈ ਹੈ। 1980 ਤੋਂ ਬਾਅਦ ਉਨ੍ਹਾਂ ਦੀ ਗਿਣਤੀ ਵਿਚ ਥੋੜ੍ਹਾ ਵਾਧਾ ਹੋਇਆ ਹੈ ਪਰ ਇਨ੍ਹਾਂ ਵਿਚ ਸਾਹ ਦੀਆਂ ਬੀਮਾਰੀਆਂ ਵੀ ਦੇਖੀ ਗਈ ਹੈ।

ਰਵਾਂਡਾ ਵਿਚ 12 ਵਿਚੋਂ 11 ਗੁਰਿੱਲਾ ਅਜਿਹੇ ਸਨ ਜਿਨ੍ਹਾਂ ਨੂੰ ਖੰਘ ਦੀ ਸਮੱਸਿਆ ਸੀ। ਇਨ੍ਹਾਂ ਵਿਚੋਂ ਪੰਜ ਨੂੰ ਡਾਕਟਰ ਐਂਟੀਬਾਇਓਟਿਕ ਦੇ ਸਕੇ ਪਰ ਦੋ ਗੁਰਿੱਲਿਆਂ ਦੀ ਮੌਤ ਹੋ ਗਈ। ਪੋਸਟਮਾਰਟਮ ਵਿਚ ਪਤਾ ਲੱਗਾ ਹੈ ਕਿ ਉਹ ਅਜਿਹੇ ਵਾਇਰਸ ਨਾਲ ਪੀੜਤ ਸਨ ਜੋ ਕਿ ਆਮ ਤੌਰ 'ਤੇ ਇਨਸਾਨਾਂ ਵਿਚ ਪਾਇਆ ਜਾਂਦਾ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਨੇ ਗੁਰਿੱਲਾ ਦੇਖਣ ਲਈ ਜੰਗਲ ਜਾਣ ਦੀ ਇਜਾਜ਼ਤ ਤਾਂ ਦਿੱਤੀ ਹੈ ਪਰ 7 ਮੀਟਰ ਦੂਰ ਰਹਿਣ ਦੀ ਹਦਾਇਤ ਵੀ ਦਿੱਤੀ ਹੈ। ਇਥੇ ਇਕ ਵੈਨ ਰਾਹੀਂ ਨਿਗਰਾਨੀ ਵੀ ਕੀਤੀ ਜਾਂਦੀ ਹੈ।

ਇਸ ਮਾਮਲੇ ਵਿਚ ਲੋਕਾਂ ਦੇ ਸੋਸ਼ਲ ਮੀਡੀਆ ਅਕਾਉਂਟ ਖੰਗਾਲੇ ਗਏ ਤਾਂ ਪਤਾ ਲੱਗਾ ਕਿ ਲਗਭਗ ਸਾਰੇ 7 ਮੀਟਰ ਤੋਂ ਘੱਟ ਦੂਰੀ ਤੋਂ ਫੋਟੋ ਲੈ ਰਹੇ ਹਨ। ਇਸ ਤੋਂ ਇਲਾਵਾ 20 ਤਸਵੀਰਾਂ ਅਜਿਹੀਆਂ ਜਿਨ੍ਹਾਂ ਵਿਚ ਲੋਕ ਗੁਰਿੱਲਾ ਦੇ ਨਾਲ ਫਿਜ਼ਿਕਲ ਕਾਨਟੈਕਟ ਵਿਚ ਹਨ। ਇਨ੍ਹਾਂ ਜੰਗਲਾਂ ਦੀ ਦੇਖਭਾਲ ਕਰਨ ਵਾਲੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਇਨ੍ਹਾਂ ਦੀ ਦੇਖਰੇਖ ਵਿਚ ਕਾਫੀ ਖਰਚ ਹੁੰਦਾ ਹੈ ਇਸ ਲਈ ਰੈਵੇਨਿਊ ਲਈ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਕਈ ਜਾਨਕਾਰਾਂ ਦਾ ਕਹਿਣਾ ਹੈ ਕਿ ਇਥੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਸਜ਼ਾ ਦੀ ਵੀ ਵਿਵਸਥਾ ਹੋਣੀ ਚਾਹੀਦੀ ਹੈ।

Sunny Mehra

This news is Content Editor Sunny Mehra