ਰਿਸ਼ਵਤ ਮਾਮਲੇ ’ਚ ਕਾਗਨਿਜੈਂਟ ਦੇ ਸਾਬਕਾ ਸੀ. ਓ. ਓ. ’ਤੇ 50,000 ਡਾਲਰ ਦਾ ਜੁਰਮਾਨਾ

09/17/2019 5:55:47 PM

ਨਵੀਂ ਦਿੱਲੀ — ਅਮਰੀਕੀ ਪੂੰਜੀ ਬਾਜ਼ਾਰ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਨੇ ਕਾਗਨਿਜੈਂਟ ਦੇ ਸਾਬਕਾ ਸੰਚਾਲਨ ਅਧਿਕਾਰੀ (ਸੀ. ਓ. ਓ.) ਸ਼੍ਰੀਧਰ ਤਿਰੁਵੇਂਗਦਮ ਨੂੰ ਇਕ ਭਾਰਤੀ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਮਾਮਲੇ ’ਚ 50,000 ਡਾਲਰ (ਲਗਭਗ 35 ਲੱਖ ਰੁਪਏ) ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਐੱਸ. ਈ. ਸੀ. ਦੇ ਹੁਕਮ ਮੁਤਾਬਕ ਕਾਗਨਿਜੈਂਟ ਟੈਕਨਾਲੋਜੀ ਸਾਲਿਊਸ਼ਨਸ ਕਾਰਪੋਰੇਸ਼ਨ ਦੇ ਤਤਕਾਲੀ ਸੀ. ਓ. ਓ. ਤਿਰੁਵੇਂਗਦਮ ਕੰਪਨੀ ਦੇ 3 ਅਧਿਕਾਰੀਆਂ ਨਾਲ ਮਿਲ ਕੇ ਕੰਪਨੀ ਵਲੋਂ ਭਾਰਤ ’ਚ ਇਕ ਸਰਕਾਰੀ ਅਧਿਕਾਰੀ ਨੂੰ 20 ਲੱਖ ਡਾਲਰ ਦੀ ਰਿਸ਼ਵਤ ਦੇਣ ਦੀ ਯੋਜਨਾ ’ਚ ਸ਼ਾਮਲ ਸਨ।

ਅਧਿਕਾਰੀ ਨੇ ਚੇਨਈ ’ਚ ਵਪਾਰਕ ਕੰਪਲੈਕਸ ਦੇ ਨਿਰਮਾਣ ਲਈ ਮਨਜ਼ੂਰੀ ਦੇਣ ਲਈ ਪੈਸੇ ਦੀ ਮੰਗ ਕੀਤੀ ਸੀ। ਇਸ ਸਾਲ ਦੀ ਸ਼ੁਰੂਆਤ ’ਚ ਕਾਗਨਿਜੈਂਟ ਨੇ ਭਾਰਤੀ ਰਿਸ਼ਵਤ ਕਾਂਡ ਦੇ ਨਿਪਟਾਰੇ ਲਈ 2.5 ਕਰੋਡ਼ ਡਾਲਰ ਦਾ ਭੁਗਤਾਨ ਕਰਨ ਦੀ ਹਾਮੀ ਭਰੀ ਸੀ। ਤਿਰੁਵੇਂਗਦਮ 2013 ’ਚ ਕਾਗਨਿਜੈਂਟ ਦੇ ਮੁੱਖ ਸੰਚਾਲਨ ਅਧਿਕਾਰੀ ਸਨ। ਉਨ੍ਹਾਂ ਨੂੰ 2016 ’ਚ ਪ੍ਰਸ਼ਾਸਨਿਕ ਛੁੱਟੀ ’ਤੇ ਭੇਜਿਆ ਗਿਆ। ਕੰਪਨੀ ਨੇ ਤਿਰੁਵੇਂਗਦਮ ਦਾ ਅਸਤੀਫਾ 2018 ’ਚ ਸਵੀਕਾਰ ਕਰ ਲਿਆ ਸੀ।