ਕਾਰ ਦੇ ਸ਼ੀਸ਼ੇ ''ਚ ਚਿਪਕਿਆ ਅਜਿਹਾ ਨੋਟਿਸ, ਦੇਖ ਮਾਲਕ ਦੇ ਛੁੱਟੇ ਪਸੀਨੇ

01/04/2018 3:13:12 PM

ਸਿਡਨੀ (ਏਜੰਸੀ)— ਜੇਕਰ ਤੁਹਾਡੀ ਕਾਰ 'ਚ ਕੋਈ ਚਿਤਾਵਨੀ ਨੋਟ ਛੱਡ ਜਾਵੇ ਕਿ ਤੁਹਾਡੀ ਕਾਰ 'ਚ ਸੱਪ ਹੈ ਤਾਂ ਸੋਚੋ ਉਸ ਸਮੇਂ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ? ਇੱਥੇ ਇਹ ਜਵਾਬ ਵਾਜਿਬ ਹੈ ਕਿ ਤੁਸੀਂ ਡਰ ਜਾਵੋਗੇ। ਕੁਝ ਅਜਿਹਾ ਹੀ ਹੋਇਆ ਆਸਟ੍ਰੇਲੀਆ ਦੇ ਸਿਡਨੀ 'ਚ ਰਹਿਣ ਵਾਲੇ ਇਕ ਵਿਅਕਤੀ ਨਾਲ, ਜੋ ਕਿ ਪਾਰਕਿੰਗ 'ਚ ਕਾਰ ਖੜ੍ਹੀ ਕਰ ਕੇ ਗਿਆ ਤਾਂ ਜਦੋਂ ਵਾਪਸ ਆਇਆ ਤਾਂ ਉਸ ਨੂੰ ਆਪਣੀ ਕਾਰ ਦੇ ਸ਼ੀਸ਼ੇ 'ਤੇ ਇਕ ਚਿਤਾਵਨੀ ਨੋਟਿਸ ਚਿਪਕਿਆ ਮਿਲਿਆ ਜਿਸ 'ਤੇ ਲਿਖਿਆ ਸੀ, ''ਸਾਵਧਾਨ ਰਹੋ, ਤੁਹਾਡੀ ਕਾਰ ਦੇ ਅਗਲੇ ਹਿੱਸੇ 'ਚ ਸੱਪ ਫਸਿਆ ਹੈ।''
ਮਾਈਕਲ ਗਰਬਟ ਨਾਂ ਦੇ ਕਾਰ ਦੇ ਮਾਲਕ ਨੇ ਦੱਸਿਆ ਕਿ ਮੈਂ ਸੈਰ ਲਈ ਬਾਹਰ ਗਿਆ ਸੀ ਤਾਂ ਜਦੋਂ ਵਾਪਸ ਪਰਤਿਆ ਤਾਂ ਕਾਰ 'ਤੇ ਲੱਗਾ ਚਿਤਾਵਨੀ ਨੋਟਿਸ ਪੜ੍ਹ ਕੇ ਹੈਰਾਨ ਰਹਿ ਗਿਆ। ਉਸ ਨੇ ਦੱਸਿਆ ਕਿ ਮੈਂ ਆਪਣੀ ਕਾਰ ਦਾ ਬੋਨਟ ਖੋਲ੍ਹਿਆ ਤਾਂ ਸੱਪ ਉੱਥੇ ਬੈਠਾ ਸੀ। ਮਾਈਕਲ ਨੇ ਕਿਹਾ ਕਿ ਇਹ ਬਹੁਤ ਜ਼ਹਿਰੀਲਾ ਸੱਪ ਸੀ। ਉਨ੍ਹਾਂ ਦੱਸਿਆ ਕਿ ਮੈਂ ਸੋਚਿਆ ਕਿ ਮੈਨੂੰ ਸੱਪ ਨੂੰ ਬਾਹਰ ਕੱਢਣ ਲਈ ਕੋਈ ਚੀਜ਼ ਲੱਭਣੀ ਹੋਵੇਗੀ ਪਰ ਸੱਪ ਬਾਹਰ ਕੱਢਣਾ ਖਤਰੇ ਤੋਂ ਖਾਲੀ ਨਹੀਂ ਸੀ। ਮਾਈਕਲ ਨੇ ਦੱਸਿਆ ਕਿ ਗੂਗਲ ਦੀ ਮਦਦ ਨਾਲ ਨੇੜੇ ਦੇ ਸੱਪ ਫੜਨ ਵਾਲੇ ਨੂੰ ਫੋਨ ਕੀਤਾ, ਜੋ ਕਿ ਤੁਰੰਤ ਉੱਥੇ ਪਹੁੰਚ ਗਿਆ। ਮਾਈਕਲ ਨੇ ਕਿਹਾ, ''ਜਦੋਂ ਸਨੇਕ ਕੈਚਰ (ਸੱਪ ਫੜਨ ਵਾਲਾ)  ਪਹੁੰਚਿਆ ਤਾਂ ਸੱਪ ਇੰਜਣ ਕੋਲ ਬੈਠਾ ਸੀ। ਸਨੇਕ ਕੈਚਰ ਨੇ ਸੱਪ ਨੂੰ ਹੱਥ ਨਾਲ ਫੜ ਕੇ ਡਿੱਬੇ ਵਿਚ ਬੰਦ ਕਰ ਲਿਆ। ਸਨੇਕ ਕੈਚਰ ਨੇ ਦੱਸਿਆ ਕਿ ਅਜਿਹੇ ਸੱਪ ਸਿਡਨੀ ਦੇ ਇਲਾਕੇ ਵਿਚ ਆਮ ਹੁੰਦੇ ਹਨ, ਇਹ ਜ਼ਹਿਰੀਲੇ ਵੀ ਬਹੁਤ ਹੁੰਦੇ ਹਨ। ਇਸ ਲਈ ਅਜਿਹੇ ਸੱਪਾਂ ਨੂੰ ਫੜਨ ਲਈ ਖਤਰਾ ਨਹੀਂ ਉਠਾਉਣਾ ਚਾਹੀਦਾ।