ਨਾਈਜਰ 'ਚ ਆਰਮੀ ਕੈਂਪ 'ਤੇ ਅੱਤਵਾਦੀ ਹਮਲਾ, ਮੁਕਾਬਲੇ 'ਚ 25 ਫੌਜੀ ਹਲਾਕ

01/10/2020 3:04:55 PM

ਨਿਆਮੀ- ਅਫਰੀਕੀ ਦੇਸ਼ ਨਾਈਜਰ ਵਿਚ ਇਕ ਫੌਜੀ ਕੈਂਪ 'ਤੇ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਹਮਲਾ ਬੋਲ ਦਿੱਤਾ, ਜਿਸ ਵਿਚ 25 ਲੋਕਾਂ ਦੀ ਮੌਤ ਹੋ ਗਈ ਜਦਕਿ ਮੁਕਾਬਲੇ ਵਿਚ 63 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਸੁਲੇਮਾਨੀ ਗਾਜੋਬੀ ਨੇ ਟੈਲੀਵਿਜ਼ਨ 'ਤੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਮਾਲੀ ਦੀ ਸਰਹੱਦ ਨਾਲ ਲੱਗਦੇ ਬੇਹੱਦ ਸੰਵੇਦਨਸ਼ੀਲ ਇਲਾਕੇ ਵਿਚ ਹੋਇਆ। ਅੱਤਵਾਦੀ ਕਾਰਾਂ ਤੇ ਮੋਟਰਸਾਈਕਲਾਂ 'ਤੇ ਆਏ ਸਨ।

ਨਿਊਜ਼ ਏਜੰਸੀ ਏ.ਐਫ.ਪੀ ਨੇ ਨਾਈਜਰ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ ਪੱਛਮੀ ਤਿਲਾਬੇਰੀ ਦੇ ਚਿਨੇਗੋਦਾਰ ਖੇਤਰ ਵਿਚ ਵਾਪਰੀ। ਇਹ ਇਲਾਕਾ ਬੁਰਕਿਨਾ ਫਾਸੋ ਦੀ ਸਰਹੱਦ ਨਾਲ ਵੀ ਲੱਗਦਾ ਹੈ, ਜਿਥੇ ਪਹਿਲਾਂ ਹੀ ਕਈ ਅੱਤਵਾਦੀ ਹਮਲੇ ਦੇਖੇ ਗਏ ਹਨ। ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਨਾਈਜਰ ਹਵਾਈ ਫੌਜ ਤੇ ਸਹਿਯੋਗੀਆਂ ਦੀ ਮਦਦ ਨਾਲ ਅੱਤਵਾਦੀਆਂ ਖਿਲਾਫ ਕਾਰਵਾਈ ਕੀਤੀ ਗਈ। ਇਸ ਹਮਲੇ ਵਿਚ ਸੁਰੱਖਿਆ ਬਲਾਂ ਦੇ 25 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। ਉਥੇ ਹੀ ਮੁਕਾਬਲੇ ਵਿਚ 63 ਅੱਤਵਾਦੀ ਢੇਰ ਕਰ ਦਿੱਤੇ ਗਏ ਹਨ।

ਪਿਛਲੇ ਮਹੀਨੇ ਹੀ ਨਾਈਜਰ ਵਿਚ ਫੌਜ ਦੇ ਇਕ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਵਿਚ 71 ਫੌਜੀਆਂ ਦੀ ਮੌਤ ਹੋ ਗਈ ਸੀ ਜਦਕਿ 57 ਅੱਤਵਾਦੀ ਮਾਰੇ ਗਏ ਸਨ। ਇਸ ਹਮਲੇ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਸੀ। ਇਹ ਹਮਲਾ ਮਾਲੀ ਨਾਲ ਲੱਗਦੀ ਸਰਹੱਦ ਦੇ ਨੇੜੇ ਸਥਿਤ ਕੈਂਪ 'ਤੇ ਹੋਇਆ ਸੀ। ਇਸ ਇਲਾਕੇ ਵਿਚ ਇਸਲਾਮਿਕ ਸਟੇਟ ਤੇ ਬੋਕੋ ਹਰਾਮ ਜਿਹੇ ਅੱਤਵਾਦ ਸੰਗਠਨ ਸਰਗਰਮ ਹਨ। ਦੱਸ ਦਈਕੇ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਆਰਮੀ ਨੇ ਬੋਕੋ ਹਰਾਮ ਦੇ ਵਿਧਰੋਹੀਆਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 280 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।