ਅਜਬ-ਗਜ਼ਬ : ਇਸ ਦੇਸ਼ ''ਚ ਤੋਪਾਂ ਦੇ ਗੋਲ਼ਿਆਂ ਨਾਲ ਖੁੱਲ੍ਹਦੈ ਰੋਜ਼ਾ, ਰਮਜ਼ਾਨ ’ਚ ਫਿਰ ਸ਼ੁਰੂ ਹੋਈ 600 ਸਾਲ ਪੁਰਾਣੀ ਪ੍ਰਥਾ

03/25/2023 10:24:58 PM

ਤ੍ਰਿਪੋਲੀ (ਇੰਟ) : ਲੀਬੀਆ ਇਕ ਅਜਿਹੀ ਜਗ੍ਹਾ ਹੈ, ਜਿੱਥੇ ਲੰਬੇ ਸਮੇਂ ਤੱਕ ਸੰਘਰਸ਼ ਵੇਖਿਆ ਗਿਆ ਹੈ। ਸ਼ੁੱਕਰਵਾਰ ਨੂੰ ਇੱਥੇ ਰਾਜਧਾਨੀ ਤ੍ਰਿਪੋਲੀ ’ਚ ਇਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਪਰ ਇਹ ਕੋਈ ਬੰਬ ਧਮਾਕਾ ਨਹੀਂ ਸਗੋਂ ਇਕ ਤੋਪ ਦੇ ਗੋਲ਼ੇ ਦੀ ਆਵਾਜ਼ ਸੀ। ਤੋਪ ਦਾ ਇਹ ਧਮਾਕਾ ਕਿਸੇ ਸੰਘਰਸ਼ ਦੇ ਕਾਰਨ ਨਹੀਂ ਕੀਤਾ ਗਿਆ। ਇਹ ਲੰਬੇ ਸਮੇਂ ਤੋਂ ਗੁਆਚੀ ਹੋਈ ਰਮਜ਼ਾਨ ਨਾਲ ਜੁੜੀ ਇਕ ਪ੍ਰੰਪਰਾ ਹੈ। ਰਮਜ਼ਾਨ ਦੇ ਪਹਿਲੇ ਦਿਨ ਰੋਜ਼ਾ ਖ਼ਤਮ ਕਰਨ ਦਾ ਐਲਾਨ ਕਰਨ ਵਾਲੇ ਇਕ 600 ਸਾਲ ਪੁਰਾਣੇ 'ਇਫਤਾਰ ਤੋਪ' ਨੂੰ 4 ਦਹਾਕਿਆਂ ਬਾਅਦ ਫਿਰ ਚਲਾਇਆ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ : ਮੁਫ਼ਤ ਆਟਾ ਲੈਣ ਲਈ ਉਮੜੀ ਭੀੜ, 4 ਬਜ਼ੁਰਗਾਂ ਨੇ ਤੋੜਿਆ ਦਮ

1970 'ਚ ਲੀਬੀਆ ਨੇ ਆਪਣੀ ਇਹ ਪ੍ਰੰਪਰਾ ਗੁਆ ਦਿੱਤੀ ਸੀ। ਮੁਅੱਮਰ ਗੱਦਾਫੀ ਨੇ ਦੇਸ਼ ਦੇ ਇਤਿਹਾਸ ਨੂੰ ਖਤਮ ਕਰਨ ਦੀ ਹਰ ਕੋਸ਼ਿਸ਼ ਕੀਤੀ ਸੀ। ਉਸੇ ’ਚ ਇਸ ਤੋਪ ਦੀ ਵਰਤੋਂ ਨਾ ਕਰਨਾ ਵੀ ਸ਼ਾਮਲ ਸੀ ਪਰ ਅੱਜ ਲੀਬੀਆ ਦੇ ਅਧਿਕਾਰੀ ਇਸ ਪ੍ਰੰਪਰਾ ਨੂੰ ਇਕ ਵਾਰ ਫਿਰ ਸੁਰਜੀਤ ਕਰਨਾ ਚਾਹੁੰਦੇ ਹਨ। ਰਾਜਧਾਨੀ ਦੇ ਸ਼ਹੀਦ ਚੌਕ ’ਚ ਇਸ ਤੋਪ ਨੂੰ ਇਕ ਰੈੱਡ ਕਾਰਪੇਟ ’ਤੇ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕਾ : ਮਿਸੀਸਿਪੀ 'ਚ ਆਏ ਭਿਆਨਕ ਤੂਫਾਨ ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

ਲੀਬੀਆ ਦੇ ਕਈ ਲੋਕ ਆਪਣੇ ਦੇਸ਼ ਦੀ ਪ੍ਰਾਚੀਨ ਵਿਰਾਸਤ ਨੂੰ ਇਕ ਵਾਰ ਜ਼ਿੰਦਾ ਕਰਨਾ ਚਾਹੁੰਦੇ ਹਨ। ਉਹ ਫਿਰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਫਤਾਰ ਤੋਪ ਦੀ ਵਰਤੋਂ ਇਸ ਦੀ ਇਕ ਛੋਟੀ ਜਿਹੀ ਉਦਾਹਰਣ ਹੈ। ਤ੍ਰਿਪੋਲੀ ਦੇ ਰਹਿਣ ਵਾਲੇ 32 ਸਾਲਾ ਨੂਰੀ ਸਾਯਹ ਦਾ ਕਹਿਣਾ ਹੈ ਕਿ ਇਫਤਾਰ ਤੋਪ ਦੇਖ ਕੇ ਹੈਰਾਨੀ ਹੋਈ ਸੀ। ਇਹ ਸ਼ਹਿਰ ਦੀ ਰਮਜ਼ਾਨ ਵਿਰਾਸਤ ਦੀ ਯਾਦ ਦਿਵਾਉਂਦਾ ਹੈ। ਇਸ ਪ੍ਰੰਪਰਾ ਨੂੰ ਇਕ ਵਾਰ ਫਿਰ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਜਾਰੀ ਰੱਖਣਾ ਚਾਹੀਦਾ ਹੈ। ਉਥੇ ਹੀ ਰਾਸ਼ਾ ਬੇਨ ਘਰਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਮਾਣ ਵਾਲਾ ਪਲ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh