ਇਟਲੀ ''ਚ ਰਹਿੰਦੇ ਭਾਰਤੀ ਦੀ ਚਮਕੀ ਕਿਸਮਤ, ਰੱਬ ਨੇ ਦਿੱਤਾ ਛੱਪਰ ਪਾੜ ਕੇ

09/25/2017 7:07:03 PM

ਮਿਲਾਨ/ਇਟਲੀ,(ਸਾਬੀ ਚੀਨੀਆ)— ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੱਤਾ ਹੈ। ਕੁਝ ਅਜਿਹੀ ਹੀ ਕਿਸਮਤ ਚਮਕੀ ਇਟਲੀ 'ਚ ਰਹਿੰਦੇ ਭਾਰਤੀ ਵਿਅਕਤੀ ਦੀ। ਇਟਲੀ ਦੇ ਜ਼ਿਲਾ ਲਾਤੀਨਾ ਦੇ ਪਿੰਡ ਬੋਰਗੋ ਹਰਮਾਦਾ 'ਚ ਰਹਿੰਦਾ ਭਾਰਤੀ ਵਿਅਕਤੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਨਵਾਂ ਚੜ੍ਹਿਆ ਦਿਨ ਉਸ ਨੂੰ ਕਰੋੜਪਤੀ ਬਣਾ ਦੇਵੇਗਾ।
ਉਸ ਨੇ ਲਾਟਰੀ ਵੇਚਣ ਵਾਲੀ ਦੁਕਾਨ ਤੋਂ 5 ਯੂਰੋ ਦੀ ਲਾਟਰੀ ਖਰੀਦੀ ਸੀ ਅਤੇ ਸੋਚਿਆ ਨਹੀਂ ਸੀ ਕਿ ਇਸ ਲਾਟਰੀ ਦੇ ਨੰਬਰ ਉਸ ਨੂੰ ਸੈਂਕਿੰਡ 'ਚ ਅਮੀਰ ਬਣਾ ਦੇਣਗੇ। ਜਦ ਉਸ ਨੇ ਲਾਟਰੀ ਵਾਲੇ ਕਾਰਡ 'ਤੇ ਲਿਖੇ ਨੰਬਰ ਨੂੰ ਸਾਫ ਕਰਕੇ ਡੀਲਰ ਦੇ ਅੱਗੇ ਪੇਸ਼ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ 5 ਲੱਖ ਯੂਰੋ ਦੀ ਲਾਟਰੀ ਨਿਕਲੀ ਹੈ, ਜਿਸਦੀ ਕੀਮਤ ਭਾਰਤੀ ਰੁਪਇਆ ਮੁਤਾਬਕ ਕੋਈ ਪੌਣੇ ਚਾਰ ਕਰੋੜ ਰੁਪਏ ਬਣਦੀ ਹੈ।
ਦੱਸਣਯੋਗ ਕਿ ਇਟਲੀ 'ਚ ਰਹਿੰਦੇ ਲੋਕ ਆਪਣੀ ਕਿਸਮਤ ਅਜਮਾਉਣ ਲਈ ਸ਼ੌਂਕੀਆ ਤੌਰ 'ਤੇ ਲਾਟਰੀ ਪਾਉਂਦੇ ਹਨ। ਵਿਰਲਾ ਹੀ ਕੋਈ ਕਿਸਮਤ ਵਾਲਾ ਹੁੰਦਾ ਹੈ, ਜਿਸ ਦਾ ਸਭ ਤੋਂ ਵੱਧ ਕੀਮਤ ਵਾਲਾ 5 ਲੱਖ ਯੂਰੋ ਵਾਲਾ ਨੰਬਰ ਮਿਲਦਾ ਹੈ ਪਰ ਇਸ ਲਾਟਰੀ ਦੇ ਇਕ ਨੰਬਰ ਨੇ ਭਾਰਤੀ ਮਜ਼ਦੂਰ ਨੂੰ ਕਰੋੜਪਤੀ ਬਣਾ ਦਿੱਤਾ। ਭਾਰਤੀ ਵਿਅਕਤੀ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਉਸ ਦੀ ਲਾਟਰੀ ਨਿਕਲੀ ਹੈ ਅਤੇ ਉਹ ਕਰੋੜਪਤੀ ਬਣ ਗਿਆ ਹੈ।