ਬ੍ਰਿਸਬੇਨ ਵਿਖੇ ਜਨਮੇਜਾ ਸਿੰਘ ਜੌਹਲ ਅਤੇ ਡਾ. ਦਰਸ਼ਨ ਬੜੀ ਦਾ ਸਨਮਾਨ

04/08/2018 4:08:13 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਪੰਜਾਬ ਤੋਂ ਆਏ ਬਾਲ ਸਾਹਿਤ ਪ੍ਰਸਿੱਧ ਲੇਖਕ ਅਤੇ ਪੰਜਾਬੀ ਸੱਭਿਆਚਾਰ ਨੂੰ ਤਸਵੀਰਾਂ ਦੇ ਰੂਪ ਵਿਚ ਸਾਂਭਣ ਲਈ ਮਸ਼ਹੂਰ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ ਦੀ ਬ੍ਰਿਸਬੇਨ ਫੇਰੀ ਦੌਰਾਨ ਉਨ੍ਹਾਂ ਦੇ ਦੋ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਗਏ । ਸਵੇਰ ਦੇ ਪਹਿਲੇ ਸ਼ੈਸਨ ਵਿਚ ਬ੍ਰਿਸਬੇਨ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਬਾਲ-ਸੰਵਾਦ ਰਾਹੀਂ ਪਰਵਾਸ ਵਿਚ ਮਾਤ-ਭਾਸ਼ਾ ਅਤੇ ਬਾਲ ਪੁਸਤਕਾਂ ਦੇ ਵਿਸ਼ੇ 'ਤੇ ਭਰਵੀਂ ਗੱਲਬਾਤ ਹੋਈ । ਜਨਮੇਜਾ ਸਿੰਘ ਜੌਹਲ ਦੁਆਰਾ ਮਾਪਿਆਂ ਨੂੰ ਪੰਜਾਬੀ ਬੋਲੀ ਨੂੰ ਸਿਖਾਉਣ ਦਰਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਨੂੰ ਦੂਰ ਕਰਨ ਸੰਬੰਧੀ ਆਪਣੇ ਵਿਚਾਰ ਰੱਖੇ । ਇਸ ਸੈਸ਼ਨ ਵਿਚ ਬੱਚਿਆਂ ਨੇ ਵੀ ਬਹੁਤ ਉਤਸੁਕਤਾ ਨਾਲ ਜੌਹਲ ਸਾਬ ਦੇ ਵਿਚਾਰ ਅਤੇ ਨੁਕਤਿਆਂ ਨੂੰ ਸੁਣਿਆ । ਮਾਪਿਆਂ ਨੂੰ ਬੱਚਿਆਂ ਦੀਆਂ ਪੁਸਤਕਾਂ ਦੀ ਰੂਪ-ਰੇਖਾ ਅਤੇ ਪੰਜਾਬੀ ਲਿਪੀ ਸਿਖਾਉਣ ਸਬੰਧੀ ਤਰੀਕਿਆਂ ਬਾਰੇ ਸਰਲਤਾ ਅਤੇ ਰੋਚਕਤਾ ਦਾ ਖਿਆਲ ਰੱਖਣ ਦੀ ਤਾਕੀਦ ਕੀਤੀ । ਇਸ ਪ੍ਰੋਗਰਾਮ ਵਿਚ ਪੰਜਾਬੀ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਮਲਹੋਤਰਾ ਅਤੇ ਪ੍ਰਧਾਨ ਅਮਰਜੀਤ ਮਾਹਲ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਜਨਮੇਜਾ ਸਿੰਘ ਜੌਹਲ ਸਮੇਤ ਡਾ. ਦਰਸ਼ਨ ਬੜੀ ਦਾ ਨਿੱਘੇ ਸ਼ਬਦਾਂ ਵਿਚ ਸਵਾਗਤ ਕੀਤਾ । ਇੰਡੋਜ਼ ਪੰਜਾਬੀ ਲਾਇਬਰੇਰੀ ਵਿਚ ਆਯੋਜਿਤ ਦੂਸਰੇ ਸਾਹਿਤਕ ਅਤੇ ਸਨਮਾਨ ਸਮਾਰੋਹ ਦੇ ਸ਼ੈਸਨ ਵਿਚ ਪ੍ਰਧਾਨਗੀ ਮੰਡਲ ਵਿਚ ਸਰਵ ਸ੍ਰੀ ਜਨਮੇਜਾ ਸਿੰਘ ਜੌਹਲ, ਡਾ. ਦਰਸ਼ਨ ਬੜੀ, ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ ਅਤੇ ਗੁਰਦੁਆਰਾ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਸੁਸ਼ੋਭਿਤ ਹੋਏ । ਸਮਾਜ ਸੇਵਕ ਮਨਜੀਤ ਬੋਪਾਰਾਏ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤੀ ਭਾਸ਼ਣ ਉਪਰੰਤ ਪ੍ਰੋਗਰਾਮ ਦੀ ਬਾਕਾਇਦਾ ਸ਼ੁਰੂਆਤ ਸੁਰਜੀਤ ਸੰਧੂ ਦੇ ਮਾਂ-ਬੋਲੀ ਨੂੰ ਸਮਰਪਿਤ ਗੀਤ ਨਾਲ ਹੋਈ । ਇਸ ਉਪਰੰਤ ਲਗਾਤਾਰ 3 ਘੰਟੇ ਚਲੇ ਕਵੀ ਦਰਬਾਰ ਵਿਚ ਗ਼ਜ਼ਲਗੋ ਰੁਪਿੰਦਰ ਸੋਜ਼, ਜਸਵੰਤ ਵਾਗਲਾ, ਗਾਇਕ ਮੀਤ ਮਲਕੀਤ, ਗੀਤਕਾਰ ਪਾਲ ਰਾਊਕੇ, ਹਰਜੀਤ ਕੌਰ ਸੰਧੂ, ਦਲਵੀਰ ਹਲਵਾਰਵੀ ਨੇ ਬਹੁਤ ਹੀ ਖੂਬਸੂਰਤ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ । ਇਸ ਸਮਾਗਮ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਦਰਸ਼ਨ ਬੜੀ ਨੇ ਆਪਣੇ ਵਿਚਾਰ ਰੱਖੇ । ਉਸ ਤੋਂ ਬਾਅਦ ਜਨਮੇਜਾ ਸਿੰਘ ਜੌਹਲ ਨੇ ਆਪਣੀਆਂ ਕਵਿਤਾਵਾਂ ਅਤੇ ਵਿਚਾਰਾਂ ਨਾਲ ਆਏ ਹੋਏ ਸਰੋਤਿਆਂ ਦਾ ਮਨ ਮੋਹ ਲਿਆ । ਪ੍ਰੋਗਰਾਮ ਦੇ ਅੰਤ ਵਿਚ ਕਵੀ ਸਰਬਜੀਤ ਸੋਹੀ ਦੇ ਦੂਸਰੇ ਕਾਵਿ-ਸੰਗ੍ਰਹਿ ਤਰਕਸ਼ ਵਿਚਲੇ ਹਰਫ਼ ਤੇ ਡਾ ਅਨੂਪ ਸਿੰਘ ਦੁਆਰਾ ਸੰਪਾਦਿਤ ਆਲੋਚਨਾਤਮਕ ਲੇਖਾਂ ਦੀ ਪੁਸਤਕ ਲੋਕ ਅਰਪਣ ਕੀਤੀ ਗਈ । ਇਸ ਉਪਰੰਤ ਡਾ. ਦਰਸ਼ਨ ਬੜੀ ਨੂੰ ਉਨ੍ਹਾਂ ਦੀ ਰੰਗ-ਮੰਚ ਅਤੇ ਕਬੱਡੀ ਕੁਮੈਂਟਰੀ ਲਈ, ਜਨਮੇਜਾ ਸਿੰਘ ਜੌਹਲ ਦੁਆਰਾ ਪੰਜਾਬੀ ਮਾਤ-ਭਾਸ਼ਾ, ਲਿਪੀ ਫੌਂਟਸ, ਆਨਲਾਈਨ ਪੁਸਤਕਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਤਸਵੀਰਾਂ ਰਾਹੀਂ ਸਾਂਭਣ ਦੇ ਉਪਰਾਲਿਆਂ ਲਈ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦਿਆਲ ਬਿਨਿੰਗ, ਪ੍ਰੀਤਮ ਝੱਜ, ਭੁਪਿੰਦਰ ਸਿੰਘ ਖਹਿਰਾ, ਰਾਜੇਸ਼ ਜਲੋਟਾ, ਕਬੱਡੀ ਕੋਚ ਸ਼ੇਰ ਸਿੰਘ, ਗੁਰਬੀਰ ਸਿੱਧੂ ਆਦਿ ਜਿਕਰਯੋਗ ਹਸਤੀਆਂ ਨੇ ਸ਼ਿਰਕਤ ਕੀਤੀ । ਸਟੇਜ ਦਾ ਸੰਚਾਲਨ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਇਆ ਗਿਆ ।