ਆਸਟ੍ਰੇਲੀਆ ''ਚ ਪੰਜਾਬੀ ਨੂੰ ਹੋਈ ਜੇਲ, ਕੀਤਾ ਸੀ ਇਹ ਜ਼ੁਰਮ

11/11/2017 12:24:27 PM

ਕੁਈਨਜ਼ਲੈਂਡ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ 'ਚ ਇਕ ਪੰਜਾਬੀ ਉਬੇਰ ਡਰਾਈਵਰ ਸੁਖਵਿੰਦਰ ਸਿੰਘ ਗਿੱਲ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੁਖਵਿੰਦਰ ਨੂੰ ਆਪਣੀ ਕਾਰ ਰਾਹੀਂ ਇਕ ਟੈਕਸੀ ਡਰਾਈਵਰ ਨੂੰ ਟੱਕਰ ਮਾਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਹੈ। ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ 'ਚ 13 ਮਈ 2016 ਨੂੰ ਇਹ ਹਾਦਸਾ ਵਾਪਰਿਆ। 


36 ਸਾਲਾ ਉਬੇਰ ਡਰਾਈਵਰ ਸੁਖਵਿੰਦਰ ਨੇ ਆਪਣੀ ਤੇਜ਼ ਰਫਤਾਰ ਕਾਰ ਨਾਲ ਟੈਕਸੀ ਦੇ ਬਾਹਰ ਖੜ੍ਹੇ ਜਗਮੀਤ ਸਿੱਧੂ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਹਾਦਸੇ ਵਿਚ ਜਗਮੀਤ ਦੀ ਇਕ ਲੱਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਉਹ 2 ਹਫਤੇ ਤੋਂ ਵਧ ਸਮਾਂ ਹਸਪਤਾਲ ਵਿਚ ਰਹੇ। ਇਸ ਘਟਨਾ ਤੋਂ ਬਾਅਦ ਸੁਖਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ।


ਜੱਜ ਨੇ ਸੁਖਵਿੰਦਰ ਸਿੰਘ ਨੂੰ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਅਤੇ ਜਗਮੀਤ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਮੰਨਿਆ। ਘਟਨਾ ਦੀ ਇਹ ਸਾਰੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਹੈ, ਜਿਸ ਨੂੰ ਅਦਾਲਤ 'ਚ ਜੱਜ ਨੂੰ ਦਿਖਾਇਆ ਗਿਆ।

ਜੱਜ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗਿੱਲ ਤੇਜ਼ ਰਫਤਾਰ ਕਾਰ ਨਾਲ ਉਸ ਦਿਸ਼ਾ 'ਚ ਗਏ, ਜਿੱਥੇ ਸਿੱਧੂ ਖੜ੍ਹੇ ਸਨ। ਜਗਮੀਤ ਨੂੰ ਸਿਹਤਮੰਦ ਹੋਣ ਲਈ ਕੁਝ ਸਮਾਂ ਹੋਰ ਲੱਗੇਗਾ। ਉਹ ਅਜੇ ਇਸ ਕਾਬਲ ਨਹੀਂ ਹਨ ਕਿ ਖੁਦ ਡਰਾਈਵ ਕਰ ਸਕਣ।