ਆਸਟ੍ਰੇਲੀਆ ਦੀਆਂ ਘੜੀਆਂ ਦਾ ਸਮਾਂ ਹੋਇਆ ਇਕ ਘੰਟਾ ਅੱਗੇ

10/01/2017 11:39:21 AM

ਐਡੀਲੇਡ— ਆਸਟ੍ਰੇਲੀਆ 'ਚ ਅੱਜ ਤੋਂ ਭਾਵ 1 ਅਕਤੂਬਰ ਤੋਂ ਆਸਟ੍ਰੇਲੀਆ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਗਿਆ ਹੈ। 'ਡੇਅ ਲਾਈਟ ਸੇਵਿੰਗ ਨਿਯਮ' ਅਨੁਸਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਨੂੰ ਮੱਦੇਨਜ਼ਰ ਰੱਖਦਿਆਂ ਇਹ ਤਬਦੀਲੀ ਸਾਲ 'ਚ ਦੋ ਵਾਰ ਕੀਤੀ ਜਾਂਦੀ ਹੈ। ਇਸ ਸਮੇਂ ਤਬਦੀਲੀ ਅਨੁਸਾਰ ਮੈਲਬੌਰਨ ਅਤੇ ਸਿਡਨੀ ਦੇ ਸਮੇਂ ਦਾ ਅੰਤਰ ਭਾਰਤ ਨਾਲੋਂ ਸਾਢੇ ਪੰਜ ਘੰਟੇ ਦਾ ਹੋਵੇਗਾ। ਸਮੇਂ ਤਬਦੀਲੀ ਅਨੁਸਾਰ ਆਸਟ੍ਰੇਲੀਆ 'ਚ  ਸਵੇਰੇ 2.00 ਵਜੇ ਤੋਂ ਘੜੀਆਂ ਇਕ ਘੰਟਾ ਅੱਗੇ ਹੋ ਗਈਆਂ ਹਨ।
ਇਹ ਸਮਾਂ ਤਬਦੀਲੀ ਦੱਖਣੀ ਆਸਟ੍ਰੇਲੀਆ, ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ 'ਚ ਹੋਵੇਗੀ। ਜਦਕਿ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ 'ਚ ਕੋਈ ਸਮੇਂ ਦੀ ਤਬਦੀਲੀ ਨਹੀਂ ਹੋਵੇਗੀ। ਡੇਅ ਲਾਈਟ ਸੇਵਿੰਗ ਨਿਯਮ ਅਨੁਸਾਰ ਗਰਮੀ ਦੀ ਰੁੱਤ ਦੀ ਸ਼ੁਰੂਆਤ ਸਮੇਂ ਸਮਾਂ ਇਕ ਘੰਟਾ ਹੋਵੇਗਾ, ਸਰਦ ਰੁੱਤ ਆਉਣ 'ਤੇ ਸਮਾਂ ਪਹਿਲੀ ਅਪ੍ਰੈਲ 2018 ਤੋਂ ਆਸਟ੍ਰੇਲੀਆ ਇਕ ਘੰਟਾ ਪਿੱਛੇ ਹੋ ਜਾਵੇਗਾ। ਦੱਸਣਯੋਗ ਹੈ ਕਿ ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿਚ ਇਸ ਸਮੇਂ ਗਰਮ ਰੁੱਤ ਦਾ ਆਗਾਜ਼ ਹੋ ਰਿਹਾ ਹੈ।