ਆਸਟ੍ਰੇਲੀਆ 'ਚ ਪਤੀ ਨੇ ਪਤਨੀ ਨੂੰ ਚਾਕੂ ਨਾਲ ਵਿੰਨ੍ਹਿਆ, ਹੋਈ ਮੌਤ

02/28/2018 3:11:28 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਉਥ ਵੇਲਜ਼ ਦੀ ਇਕ ਅਦਾਲਤ ਵਿਚ ਮਾਊਂਟ ਡਰੂਟ ਦੀ ਪੁਲਸ ਨੇ ਇਕ ਵਿਅਕਤੀ 'ਤੇ 7 ਮਹੀਨੇ ਦੀ ਗਰਭਵਤੀ ਅਤੇ ਤਿੰਨ ਬੱਚਿਆਂ ਦੀ ਮਾਂ ਕੀਰਾਲੀ ਪੈਪੇਰੀ 'ਤੇ 49 ਵਾਰੀ ਚਾਕੂ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ। ਇਸ ਹਮਲੇ ਵਿਚ ਪੈਪੇਰੀ ਦੀ ਮੌਤ ਹੋ ਚੁੱਕੀ ਹੈ। ਅਸਲ ਵਿਚ ਦੋਸ਼ੀ ਜੋਸ਼ੂਆ ਹੋਮਾਨ ਮ੍ਰਿਤਕ ਕੀਰਾਲੀ ਪੈਪੇਰੀ ਦਾ ਪਾਰਟਨਰ ਹੈ। ਜੋਸ਼ੂਆ ਹੋਮਾਨ 'ਤੇ ਕੀਰਾਲੀ ਪੈਪੇਰੀ ਦੀ ਹੱਤਿਆ ਦੇ ਮਾਮਲੇ ਵਿਚ ਮੁਕੱਦਮਾ ਚਲਾਇਆ ਗਿਆ ਹੈ ਅਤੇ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। 
ਹੋਮਾਨ ਦੇ ਬੈਰਿਸਟਰ ਪੀਟਰ ਜੌਨ ਲੰਗੇ ਨੇ ਅਦਾਲਤ ਨੂੰ ਦੱਸਿਆ ਕਿ ਹੋਮਾਨ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਹ ਕੀਰਾਲੀ ਦੀ ਮੌਤ ਦਾ ਕਾਰਨ ਸੀ ਪਰ ਮਾਨਸਿਕ ਬੀਮਾਰੀ ਕਾਰਨ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਵਕੀਲ ਸੀਨ ਹਿਊਗਜ਼ ਵੱਲੋਂ ਕਥਿਤ ਹਮਲੇ ਦੇ ਦਿੱਤੇ ਵੇਰਵੇ ਬਾਰੇ ਸੁਣ ਕੇ ਮ੍ਰਿਤਕ ਪੈਪੇਰੀ ਦੀਆਂ ਚਾਰੇ ਭੈਣਾਂ ਰੋ ਪਈਆਂ। ਵਕੀਲ ਨੇ ਕਿਹਾ ਕਿ ਹੋਮਾਨ ਨੇ ਪੈਪੇਰੀ ਦੀ ਗਰਦਨ 'ਤੇ 28 ਵਾਰੀ ਅਤੇ ਛਾਤੀ 'ਤੇ 21 ਵਾਰੀ ਚਾਕੂ ਨਾਲ ਹਮਲਾ ਕੀਤਾ ਸੀ ਅਤੇ ਹਮਲੇ ਵਿਚ ਵਰਤਿਆ ਗਿਆ ਚਾਕੂ ਲੱਗਭਗ 15 ਸੈਂਟੀਮੀਟਰ ਲੰਬਾ ਸੀ। ਇਸ ਦੇ ਇਲਾਵਾ ਹੋਮਾਨ ਨੇ ਉਸ 'ਤੇ ਧਾਤ ਦੀ ਛੜ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੇ ਨੱਕ ਅਤੇ ਜਬਾੜੇ ਵਿਚ ਫ੍ਰੈਕਚਰ ਹੋ ਗਿਆ। 
ਇਸ ਕਥਿਤ ਹਮਲੇ ਦੇ ਕੁਝ ਮਿੰਟ ਬਾਅਦ ਹੋਮਾਨ ਖੁਦ ਮਾਊਂਟ ਡਰੂਟ ਪੁਲਸ ਸਟੇਸ਼ਨ ਗਿਆ। ਉਸ ਸਮੇਂ ਉਸ ਨੇ ਸਿਰਫ ਸ਼ੌਰਟਸ ਪਹਿਨੇ ਹੋਏ ਸਨ ਅਤੇ ਉਸ ਦੇ ਸਿਰ 'ਤੇ ਖੂਨ ਲੱਗਾ ਹੋਇਆ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਹਮਲਾਵਰ ਨੇ ਉਸ ਦੇ ਘਰ ਵਿਚ ਭੰਨ-ਤੋੜ ਕੀਤੀ ਅਤੇ ਉਸ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਵਕੀਲ ਹਿਊਗਜ਼ ਨੇ ਜਿਊਰੀ ਨੂੰ ਦੱਸਿਆ ਕਿ ਹੋਮਾਨ ਨੇ ਪਲਸ ਨੂੰ ਕਿਹਾ,''ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਮੈਨੂੰ ਆਪਣੀ ਪਤਨੀ ਦੀ ਬਹੁਤ ਚਿੰਤਾ ਹੈ। ਕੋਈ ਅਣਜਾਣ ਵਿਅਕਤੀ ਮੇਰੇ ਘਰ ਵਿਚ ਦਾਖਲ ਹੋ ਗਿਆ ਹੈ ਅਤੇ ਉਸ ਦੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਖਿੜਕੀ ਰਾਹੀਂ ਘਰੋਂ ਬਾਹਰ ਆ ਗਿਆ ਅਤੇ ਸਿੱਧਾ ਪੁਲਸ ਸਟੇਸ਼ਨ ਪਹੁੰਚ ਗਿਆ।'' ਹਿਊਗਜ਼ ਨੇ ਕਿਹਾ ਕਿ ਇਹ ਕਹਾਣੀ ਝੂਠੀ ਸੀ ਅਤੇ ਕੋਈ ਹਮਲਾਵਰ ਨਹੀਂ ਆਇਆ ਸੀ। ਜਸਟਿਸ ਲੂਸੀ ਮੈਕੁੱਲਮ ਨੁੰ ਇਹ ਕੇਸ ਤਿੰਨ ਹਫਤੇ ਤੱਕ ਚੱਲਣ ਦੀ ਉਮੀਦ ਹੈ।