ਆਸਟ੍ਰੇਲੀਆ ''ਚ ਗਰਮੀ ਨੇ ਸਾਹ ਸੂਤੇ, ਤਾਪਮਾਨ 42 ਡਿਗਰੀ ਤੋਂ ਵੀ ਟੱਪਿਆ

01/07/2018 8:17:04 AM

ਮੈਲਬੋਰਨ,(ਮਨਦੀਪ ਸਿੰਘ ਸੈਣੀ)— ਬੀਤੇ ਸ਼ਨੀਵਾਰ ਨੂੰ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਉੱਚ ਤਾਪਮਾਨ ਅਤੇ ਤੇਜ਼ ਹਵਾਵਾਂ ਚੱਲਣ ਕਰਕੇ ਆਮ ਜਨ ਜੀਵਨ 'ਤੇ ਅਸਰ ਪਿਆ ਹੈ।ਮੈਲਬੋਰਨ ਸ਼ਹਿਰ ਦੇ ਦੱਖਣੀ ਉੱਤਰੀ ਦਿਸ਼ਾ 'ਚ ਸਥਿਤ ਕੈਰਮ ਡਾਊਨ ਇਲਾਕੇ ਵਿੱਚ ਜੰਗਲੀ ਅੱਗ ਕਰਕੇ ਇੱਕ ਘਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਦਕਿ ਨਾਲ ਲੱਗਦੇ ਬਾਕੀ ਘਰਾਂ ਦੀ ਚਾਰਦੀਵਾਰੀ ਨੂੰ ਵੀ ਨੁਕਸਾਨ ਪਹੁੰਚਿਆ ਹੈ।ਵਿਕਟੋਰੀਆ ਪੁਲਸ ਨੇ ਖਤਰੇ ਨੂੰ ਭਾਪਦਿਆਂ ਕਈ ਲੋਕਾਂ ਨੂੰ ਆਪਣੇ ਘਰ ਛੱਡ ਕੇ ਕਿਸੇ ਸੁਰੱਖਿਅਤ ਥਾਂ 'ਤੇ ਜਾਣ ਲਈ ਕਿਹਾ ਹੈ।
ਸੂਬਾ ਸਰਕਾਰਾਂ ਵੱਲੋਂ ਸਥਾਨਕ ਵਸਨੀਕਾਂ ਨੂੰ ਹਰ ਸਥਿਤੀ ਨਾਲ ਨਿਪਟਣ ਲਈ ਅਗਾਊਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਕਿਸੇ ਵੀਂ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਚੌਕਸ ਰਹਿਣ ਲਈ ਕਿਹਾ ਹੈ।ਵਿਕਟੋਰੀਆ, ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ ਸੂਬੇ ਦੇ ਕਾਫੀ ਖੇਤਰਾਂ ਵਿੱਚ ਆਪਾਤਕਾਲ ਚਿਤਾਵਨੀ ਜਾਰੀ ਕੀਤੀ ਗਈ ਹੈ ਤੇ ਅੱਗ ਦੀ ਵਰਤੋਂ ਕਰਨ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ।ਪ੍ਰਭਾਵਿਤ ਇਲਾਕਿਆਂ ਵਿੱਚ ਅੱਗ ਬੁਝਾਊ ਅਮਲੇ ਦੇ ਮੈਂਬਰ ਸਰਗਰਮ ਹਨ ।ਨਿਊ ਸਾਊਥ ਵੇਲਜ਼ ਸੂਬੇ ਦੇ ਕਈ ਇਲਾਕਿਆਂ ਵਿੱਚ ਵੀ ਤਾਪਮਾਨ ਵੱਧ ਜਾਣ ਦੀਆਂ ਖਬਰਾਂ ਹਨ।
ਮੈਲਬੋਰਨ ਵਿੱਚ 42 ਡਿਗਰੀ ਉੱਚ ਤਾਪਮਾਨ ਦੇ ਚਲਦਿਆਂ ਸਮੁੰਦਰੀ ਕੰਢਿਆਂ ਤੇ ਬਾਅਦ ਦੁਪਹਿਰ ਨੂੰ ਕਾਫੀ ਚਹਿਲ-ਪਹਿਲ ਰਹੀ।ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਰਾਤ ਤੋਂ ਬਾਅਦ ਮੈਲਬੋਰਨ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।